ਜਗਮੋਹਨ ਸਿੰਘ
ਘਨੌਲੀ, 5 ਮਾਰਚ
ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਥਰਮਲ ਪਲਾਂਟ ਰੂਪਨਗਰ ਅਤੇ ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਨ ਤੋਂ ਨਿਜਾਤ ਦਿਵਾਉਣ ਲਈ ਸੰਘਰਸ਼ ਕਰਨ ਵਿੱਚ ਜੁਟੇ ਵਾਤਾਵਰਣ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਵਿੱਚ ਅੱਜ ਪਿੰਡ ਦਬੁਰਜੀ ਵਿਖੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸਨ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਦੂਸ਼ਨ ਪ੍ਰਭਾਵਿਤ ਪਿੰਡਾਂ ਦੇ ਲੋਕ ਹੁੰਮ ਹੁਮਾ ਕੇ ਪੁੱਜੇ, ਉੱਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਪ੍ਰਦੂਸ਼ਣ ਖਿਲਾਫ ਵਿੱਢੇ ਗਏ ਸੰਘਰਸ਼ ਵਿੱਚ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ।
ਧਰਨੇ ਨੂੰ ਰਾਜਿੰਦਰ ਸਿੰਘ ਘਨੌਲਾ, ਆਪ ਉਮੀਦਵਾਰ ਦਿਨੇਸ਼ ਚੱਢਾ, ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ, ਆਪ ਆਗੂਆਂ ਨੰਬਰਦਾਰ ਪਰਮਿੰਦਰ ਸਿੰਘ ਚੰਦਪੁਰ, ਕੁਲਦੀਪ ਸਿੰਘ ਜੇਈ, ਹਰਵਿੰਦਰ ਕੌਰ ਕੋਟਬਾਲਾ, ਅਕਾਲੀ ਆਗੂ ਮਨਜੀਤ ਸਿੰਘ ਘਨੌਲੀ, ਕੁਲਵੰਤ ਸਿੰਘ ਸਰਾੜੀ, ਕਿਸਾਨ ਆਗੂ ਰੁਪਿੰਦਰ ਸਿੰਘ ਖੁਆਸਪੁਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਉਹ 4 ਅਪਰੈਲ ਨੂੰ ਅੰਬੂਜਾ ਫੈਕਟਰੀ ਵਿੱਚ ਸਮਰੱਥਾ ਵਧਾਉਣ ਲਈ ਰੱਖੀ ਗਈ ਜਨਤਕ ਸੁਣਵਾਈ ਦੌਰਾਨ ਪਿੰਡਾਂ ਦੇ ਲੋਕ ਡਟ ਕੇ ਵਿਰੋਧ ਕਰਨਗੇ। ਅੰਬੂਜਾ ਫੈਕਟਰੀ ਦਬੁਰਜੀ ਦੇ ਯੂਨਿਟ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ ਨੇ ਕਿਹਾ ਕਿ ਯੂਨਿਟ ਵਿੱਚ ਕੋਈ ਵੀ ਕੰਮ ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤਾ ਜਾ ਰਿਹਾ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।