ਜਗਮੋਹਨ ਸਿੰਘ
ਘਨੌਲੀ, 13 ਜੁਲਾਈ
ਅੱਜ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਘਨੌਲੀ ਨੇੜੇ ਸਿਰਸਾ ਨਦੀ ਦੀ ਮਾਰ ਹੇਠ ਆਈਆਂ ਜ਼ਮੀਨਾਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ। ਪਿੰਡ ਅਵਾਨਕੋਟ, ਆਸਪੁਰ, ਕੋਟਬਾਲਾ, ਮਾਜਰੀ ਆਦਿ ਪਿੰਡਾਂ ਦਾ ਦੌਰਾ ਕਰਦੇ ਸਮੇਂ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਸਾਨ ਆਗੂ ਗੁਰਮੇਲ ਸਿੰਘ ਕੋਟਬਾਲਾ, ਰਣਬੀਰ ਸਿੰਘ ਸਰਪੰਚ ਆਸਪੁਰ, ਗੁਰਚਰਨ ਸਿੰਘ ਅਵਾਨਕੋਟ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਸਿਰਸਾ ਨਦੀ ਹਰ ਸਾਲ ਉਨ੍ਹਾਂ ਦੀਆਂ ਫਸਲਾਂ ਦਾ ਉਜਾੜਾ ਕਰ ਦਿੰਦੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਆਮਦਨ ਤਾਂ ਕੀ ਹੋਣੀ ਬਲਕਿ ਝੋਨਾ ਲਾਉਣ ’ਤੇ ਖਰਚਿਆ ਪੈਸਾ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਸਲਾਂ ਉਜੜਨ ਤੋਂ ਬਾਅਦ ਸਰਕਾਰਾਂ ਵੱਲੋਂ ਗਿਰਦਾਵਰੀ ਵੀ ਕਰਵਾਈ ਜਾਂਦੀ ਹੈ ਪਰ ਮੁਆਵਜ਼ੇ ਵੱਜੋਂ ਧੇਲਾ ਵੀ ਕਿਸਾਨਾਂ ਨੂੰ ਨਹੀਂ ਮਿਲਦਾ, ਜਿਸ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਤਰਸਯੋਗ ਬਣ ਗਈ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਕੋਲ ਉਠਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਿਰਸਾ ਨਦੀ ਨੂੰ ਚੈਨੇਲਾਈਜ਼ ਕਰਨ ਤੇ ਇਸ ਤੇ ਬੰਨ੍ਹ ਲਗਾਉਣ ਦੀ ਸਖਤ ਜ਼ਰੂਰਤ ਹੈ ਤੇ ਇਹ ਵੱਡਾ ਪ੍ਰਾਜੈਕਟ ਹੋਣ ਕਾਰਨ ਕੇਂਦਰ ਸਰਕਾਰ ਦੀ ਮੱਦਦ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਡਾ. ਸੰਜੀਵ ਗੌਤਮ, ਜੁਝਾਰ ਸਿੰਘ ਆਸਪੁਰ ਸਰਕਲ ਇੰਚਾਰਜ ਆਪ ਭਰਤਗੜ੍ਹ ਜ਼ੋਨ, ਗੁਰਮੇਲ ਸਿੰਘ ਕੋਟਬਾਲਾ, ਆਪ ਆਗੂ ਹਰਵਿੰਦਰ ਕੌਰ ਕੋਟਬਾਲਾ, ਰਣਬੀਰ ਸਿੰਘ ਸਰਪੰਚ ਆਸਪੁਰ ਹਾਜ਼ਰ ਸਨ।