ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 5 ਫਰਵਰੀ
ਸਥਾਨਕ ਖਾਲਸਾ ਕਾਲਜ ਵਿਚ ਸਾਹਿਤ ਵਿਗਿਆਨ ਕੇਂਦਰ ਦੀ ਮਹੀਨਾਵਾਰ ਇਕੱਤਰਤਾ ਮੌਕੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਦੇ ਗਜ਼ਲ ਸੰਗ੍ਰਹਿ ‘ਹਰਫ਼ ਸਮੇਂ ਦੇ ਹਾਣੀ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਲੇਖਕ ਤੋਂ ਇਲਾਵਾ ਸਿਰੀ ਰਾਮ ਅਰਸ਼, ਬਲਕਾਰ ਸਿੱਧੂ, ਡਾ. ਅਵਤਾਰ ਸਿੰਘ ਪਤੰਗ ਵੀ ਸ਼ਾਮਲ ਹੋਏ। ਸ਼ਹੀਦ ਕਿਸਾਨਾਂ ਨੂੰ ਸਰਧਾਂਜਲੀ ਦੇਣ ਮਗਰੋਂ ਆਰੰਭ ਹੋਏ ਸਮਾਗਮ ਵਿੱਚ ਸ੍ਰੀ ਪਤੰਗ ਨੇ ਪੁਸਤਕ ’ਤੇ ਚਰਚਾ ਕਰਦਿਆਂ ਲੇਖਕ ਨੂੰ ਸਮਕਾਲੀ ਮੁੱਦੇ ਉਭਾਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਫ਼ ਉਹੀ ਚਿਰ ਸਥਾਈ ਹੁੰਦੇ ਹਨ ਜੋ ਸਮੇਂ ਦੇ ਹਾਣੀ ਤੇ ਆਤਮ ਚਿੰਤਨ ਕਰਦੇ ਹੋਣ। ਸਿਰੀ ਰਾਮ ਅਰਸ਼, ਬਲਕਾਰ ਸਿੱਧੂ, ਕਸ਼ਮੀਰ ਕੌਰ ਸੰਧੂ, ਗੁਰਦਰਸ਼ਨ ਸਿੰਘ ਮਾਵੀ, ਹਰਜੀਤ ਸਿੰਘ, ਵਿਸ਼ਾਲ ਕੁਮਾਰ ਨੇ ਪੁਸਤਕ ਸਬੰਧੀ ਵਿਚਾਰ ਪ੍ਰਗਟਾਏ। ਇਸ ਮਗਰੋਂ ਹੋਏ ਕਵੀ ਦਰਬਾਰ ਵਿੱਚ ਵੱਖ ਵੱਖ ਕਵੀਆਂ ਨੇ ਰਚਨਾਵਾਂ ਪੜ੍ਹੀਆਂ।