ਕਰਮਜੀਤ ਸਿੰਘ ਚਿੱਲਾ
ਬਨੂੜ, 24 ਅਪਰੈਲ
ਆਕਸੀਜਨ ਦੀ ਘਾਟ ਦਾ ਅਸਰ ਇੱਥੋਂ ਦੇ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਉੱਤੇ ਵੀ ਪਿਆ ਹੈ। ਅੱਜ ਸਵੇਰੇ ਆਕਸੀਜਨ ਦੀ ਥੁੜ੍ਹ ਕਾਰਨ ਹਸਪਤਾਲ ਵਿੱਚ ਦੋ ਘੰਟੇ ਦੇ ਕਰੀਬ ਨਵੇਂ ਮਰੀਜ਼ਾਂ ਦਾ ਦਾਖਲਾ ਬੰਦ ਰੱਖਿਆ ਗਿਆ। ਹਸਪਤਾਲ ਵਿੱਚ ਦਿੱਲੀ ਦੇ 25 ਕਰੋਨਾ ਪੀੜਤਾਂ ਸਮੇਤ 43 ਕਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 14 ਮਰੀਜ਼ ਵੈਂਟੀਲੇਟਰ ਉੱਤੇ ਹਨ। ਹਸਪਤਾਲ ਵਿੱਚ ਕਰੋਨਾ ਨਾਲ ਪਿਛਲੇ ਚੌਵੀ ਘੰਟੇ ਦੌਰਾਨ ਪੰਜ ਮੌਤਾਂ ਹੋਈਆਂ ਹਨ।
ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਆਕਸੀਜਨ ਦੀ ਘਾਟ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਕੋਲ ਗਿਣਤੀ ਦੇ ਹੀ ਆਕਸੀਜਨ ਸਿਲੰਡਰ ਬਾਕੀ ਰਹਿ ਗਏ ਸਨ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਦੇ ਦਖਲ ਮਗਰੋਂ ਹਸਪਤਾਲ ਵਿੱਚ ਪ੍ਰਾਈਵੇਟ ਫ਼ਰਮ ਵੱਲੋਂ ਆਕਸੀਜਨ ਮੁਹੱਈਆ ਕਰਾਈ ਗਈ, ਜਿਸ ਮਗਰੋਂ ਮਰੀਜ਼ਾਂ ਨੂੰ ਦਾਖਿਲ ਕਰਨ ਦਾ ਕੰਮ ਵੀ ਆਰੰਭ ਹੋ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਰੋਜ਼ਾਨਾ 200 ਤੋਂ 250 ਸਿਲੰਡਰ ਆਕਸੀਜਨ ਇਸਤੇਮਾਲ ਹੋ ਰਹੀ ਹੈ। ਹਸਪਤਾਲ ਵਿੱਚ ਕੋਵਿਡ ਸੈਂਟਰ ਵਿੱਚ 100 ਜਨਰਲ ਬੈੱਡਾਂ ਤੋਂ ਇਲਾਵਾ 30 ਬੈੱਡ ਆਈਸੀਯੂ ਵਿੱਚ ਮੌਜੂਦ ਹਨ।
ਹਸਪਤਾਲ ਵਿੱਚ ਹੁੰਦਾ ਹੈ ਹੁਣ ਪ੍ਰਾਈਵੇਟ ਇਲਾਜ
ਗਿਆਨ ਸਾਗਰ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਇਲਾਜ ਲਈ ਅਪਣਾਇਆ ਹੋਇਆ ਸੀ ਤੇ ਹਸਪਤਾਲ ਵਿੱਚ ਕਰੋਨਾ ਦਾ ਮੁਫ਼ਤ ਇਲਾਜ ਹੁੰਦਾ ਸੀ। ਸਰਕਾਰ ਵੱਲੋਂ 31 ਦਸੰਬਰ ਨੂੰ ਖਤਮ ਹੋਏ ਐਗਰੀਮੈਂਟ ਵਿੱਚ ਵਾਧਾ ਨਹੀਂ ਕੀਤਾ ਗਿਆ। ਹਸਪਤਾਲ ਵਿੱਚ ਹੁਣ ਕਰੋਨਾ ਮਰੀਜ਼ਾਂ ਨੂੰ ਆਪਣੇ ਖਰਚੇ ਉੱਤੇ ਸਾਰਾ ਇਲਾਜ ਕਰਾਉਣਾ ਪੈਂਦਾ ਹੈ। ਮੈਡੀਕਲ ਸੁਪਰਡੈਂਟ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਇਲਾਜ ਲਈ ਨਿਰਧਾਰਿਤ ਦਰਾਂ ਹੀ ਵਸੂਲੀਆਂ ਜਾਂਦੀਆਂ ਹਨ।