ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਮੁਹਾਲੀ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਖਰੜ ਦੀਆਂ ਗਰੀਬ ਅਤੇ ਲੋੜਵੰਦ ਬੱਚੀਆਂ ਨੂੰ 170 ਹਾਈਜੀਨਕ ਕਿੱਟਾਂ, ਡਬਲ ਬੈੱਡ ਦੀਆਂ 55 ਚਾਦਰਾਂ ਅਤੇ ਮਠਿਆਈ ਵੰਡੀ ਗਈ। ਉਨ੍ਹਾਂ ਨੇ ਬੱਚੀਆਂ ਨਾਲ ਗੱਲਬਾਤ ਕਰਕੇ ਪੜ੍ਹਨ-ਲਿਖਣ ਲਈ ਉਤਸ਼ਾਹਿਤ ਵੀ ਕੀਤਾ।
ਡੀਸੀ ਮੁਤਾਬਕ ਗੱਲਬਾਤ ਦੌਰਾਨ ਬੱਚੀਆਂ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਹਨ ਜਦਕਿ ਕੁਝ ਬੱਚੀਆਂ ਨੇ ਅਧਿਆਪਕ ਬਣਨ ਦੀ ਇੱਛਾ ਜ਼ਾਹਿਰ ਕੀਤੀ। ਇੱਥੇ ਦੱਸਣਯੋਗ ਹੈ ਕਿ ਚਾਰ ਲੜਕੀਆਂ ਲਾਅ ਦੀ ਪੜਾਈ ਪੂਰੀ ਕਰਕੇ ਪੀਸੀਐੱਸ ਜੁਡੀਸ਼ੀਅਲ ਦੇ ਇਮਤਿਹਾਨ ਦੀ ਤਿਆਰੀ ਕਰ ਰਹੀਆਂ ਹਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੜ੍ਹਾਈ ਜੋਤੀ ਸਰੂਪ ਕੰਨਿਆ ਆਸਰਾ ਸੁਸਾਇਟੀ ਦੀ ਮਦਦ ਨਾਲ ਹੀ ਸੰਭਵ ਹੋਈ ਹੈ। ਸੰਸਥਾ ਦੇ ਸੰਚਾਲਕ ਡਾ. ਹਰਵਿੰਦਰ ਸਿੰਘ ਇਨ੍ਹਾਂ ਬੱਚੀਆਂ ਜੱਜ ਬਣਿਆ ਦੇਖਣਾ ਚਾਹੁੰਦੇ ਹਨ। ਡੀਸੀ ਈਸ਼ਾ ਕਾਲੀਆ ਨੇ ਭਰੋਸਾ ਦਿੱਤਾ ਕਿ ਉਹ ਲੜਕੀਆਂ ਨੂੰ ਹਰ ਤਰ੍ਹਾਂ ਦੀ ਮਦਦ/ਗਾਈਡੈਂਸ ਮੁਹੱਈਆ ਕਰਵਾਉਣ ਲਈ ਹਾਜ਼ਰ ਹਨ।
ਇਸ ਤੋਂ ਪਹਿਲਾਂ ਏਡੀਸੀ (ਜ) ਕੋਮਲ ਮਿੱਤਲ, ਜੋ ਕਿ ਰੈੱਡ ਕਰਾਸ ਸੁਸਾਇਟੀ ਦੀ ਉਪ ਪ੍ਰਧਾਨ ਵੀ ਹਨ ਅਤੇ ਏਡੀਸੀ (ਵਿਕਾਸ) ਹਿਮਾਂਸੂ ਅਗਰਵਾਲ ਨੇ ਬੱਚੀਆਂ ਨਾਲ ਗੱਲਬਾਤ ਕੀਤੀ। ਛੋਟੀਆਂ ਬੱਚੀਆਂ ਨੇ ਕਵਿਤਾਵਾਂ ਵੀ ਸੁਣਾਈਆਂ। ਉਨ੍ਹਾਂ ਨੇ ਬੱਚੀਆਂ ਨੂੰ ਚਾਕਲੇਟਾਂ ਵੰਡੀਆਂ ਅਤੇ ਸੰਸਥਾ ਦੇ ਮੁਖੀ ਨੂੰ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਅਖੀਰ ਵਿੱਚ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਮੁਹਾਲੀ ਵਸੀਆਂ ਨੂੰ ਸੰਸਥਾ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।