ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਸਤੰਬਰ
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰ ਦੀਆਂ ਮਹਿਲਾ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ’ਤੇ ਨਿਗਮ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਦੇਣ ਲਈ ਮਤਾ ਲਿਆਉਣ ਦਾ ਦੋਸ਼ ਲਾਇਆ ਜਦੋਂਕਿ ਹਾਊਸ ਵਿੱਚ ਮੌਜੂਦ ਕਾਬਜ਼ ਧਿਰ ਦੀਆਂ ਬੀਬੀਆਂ ਨੇ ਸ਼ਹਿਰ ਵਿੱਚ ਘੁੰਮਦੇ ਪਾਲਤੂ ਪਸ਼ੂਆਂ ਦੀਆਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਵਿਕਾਸ ਦੇ ਰਾਹ ਵਿੱਚ ਰੋੜੇ ਖੜ੍ਹੇ ਕਰ ਰਹੀ ਹੈ।
ਮੇਅਰ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਸ਼ਹਿਰ ’ਚੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਪਸ਼ੂ ਪਾਲਕਾਂ ਨੂੰ 3.54 ਏਕੜ ਜ਼ਮੀਨ ਕਿਰਾਏ ’ਤੇ ਦੇਣ ਦਾ ਮਤਾ ਪੇਸ਼ ਕੀਤਾ ਗਿਆ। ਵਿਰੋਧੀ ਧਿਰ ਦੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਕਿਹਾ ਕਿ ਇਸ ਨਾਲ ਪਿੰਡਾਂ ਵਿੱਚ ਰੱਖੇ ਪਾਲਤੂ ਪਸ਼ੂਆਂ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ, ਇਹ ਸਿਰਫ਼ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਪਸ਼ੂ ਪਾਲਕਾਂ ਨੂੰ ਕਿਰਾਏ ’ਤੇ ਨਹੀਂ ਬਲਕਿ ਪੱਕੇ ਤੌਰ ’ਤੇ ਢੁਕਵੀਂ ਜ਼ਮੀਨ ਅਲਾਟ ਕੀਤੀ ਜਾਵੇ। ਇੰਜ ਹੀ ਵਿਰੋਧੀ ਧਿਰ ਦੀ ਹੀ ਗੁਰਮੀਤ ਕੌਰ, ਰਮਨਪ੍ਰੀਤ ਕੌਰ, ਅਰੁਣਾ ਵਸ਼ਿਸ਼ਟ ਅਤੇ ਗੁਰਪ੍ਰੀਤ ਕੌਰ ਬੈਦਵਾਨ ਨੇ ਵੀ ਇਸ ਮਤੇ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ਦੇ ਵਾਰਡਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ। ਬਾਅਦ ਇਹ ਬੀਬੀਆਂ ਮੇਅਰ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠ ਗਈਆਂ ਅਤੇ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ ਅਤੇ ਹੋਰਨਾਂ ਨੇ ਕਿਹਾ ਕਿ ਸ਼ਹਿਰ ਤੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਜ਼ਮੀਨ ਕਿਰਾਏ ’ਤੇ ਦੇਣਾ ਕਿਸੇ ਵੀ ਪੱਖੋਂ ਗਲਤ ਨਹੀਂ ਹੈ। ਇਸ ਨਾਲ ਸੜਕ ਹਾਦਸਿਆਂ ਨੂੰ ਠੱਲ੍ਹ ਪਏਗੀ ਅਤੇ ਗੰਦਗੀ ਤੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਵੀ ਮੁਕਤੀ ਮਿਲੇਗੀ। ਰੌਲੇ ਗੌਲੇ ਵਿੱਚ ਹੀ ਬਹੁਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ। ਕਮਿਸ਼ਨਰ ਕਮਲ ਗਰਗ ਨੇ ਇਸ ਮਤੇ ਵਿੱਚ ਲੀਜ਼ ਦੀ ਥਾਂ ਜ਼ਮੀਨ ਕਿਰਾਏ ’ਤੇ ਦੇਣ ਦੀ ਸੋਧ ਪੇਸ਼ ਕੀਤੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਇੰਜ ਹੀ ਅਮਿਰੁਤ ਮਿਸ਼ਨ ਤਹਿਤ ਸਨਅਤੀ ਖੇਤਰ ਫੇਜ਼-9 ਅਤੇ ਜੇਸੀਟੀ ਨੇੜੇ ਪਾਰਕ ਵਿਕਸਿਤ ਕਰਨ ਦੇ ਮਤੇ ਵੀ ਪਾਸ ਕੀਤੇ ਗਏ। ਰੌਲਾ ਸੁਣ ਕੇ ਮੇਅਰ ਜੀਤੀ ਸਿੱਧੂ ਵੀ ਦਫ਼ਤਰ ’ਚੋਂ ਬਾਹਰ ਆ ਗਏ ਅਤੇ ਹਾਊਸ ਵਿੱਚ ਕਹੀ ਗੱਲ ਬਾਰੇ ਸਪੱਸ਼ਟੀਕਰਨ ਦਿੰਦਿਆਂ ਮਹਿਲਾ ਕੌਂਸਲਰ ਨੂੰ ਗੁਰਦੁਆਰੇ ਸਹੁੰ ਚੁੱਕਣ ਲਈ ਕਿਹਾ। ਲੇਕਿਨ ਬਾਅਦ ਵਿੱਚ ਇਹ ਮਾਮਲਾ ਸ਼ਾਂਤ ਹੋ ਗਿਆ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਵਿੱਚ ਵਿਰੋਧੀ ਧਿਰ ਦੇ ਵਾਰਡਾਂ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਅਤੇ ਸਾਰੇ ਦੋਸ਼ ਬੇਬੁਨਿਆਦ ਹਨ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਸੰਯੁਕਤ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਐਸਈ ਸੰਜੇ ਕੰਵਰ ਵੀ ਹਾਜ਼ਰ ਸਨ।
ਪੇਂਡੂ ਵਿਕਾਸ ਲਈ 74.41 ਕਰੋੜ ਰੁਪਏ ਦੀ ਲਾਗਤ ਨਾਲ 1255 ਵਿਕਾਸ ਕਾਰਜ ਸ਼ੁਰੂ
ਮੁਹਾਲੀ ਜ਼ਿਲ੍ਹੇ ਵਿੱਚ ਪਿੰਡਾਂ ਦੇ ਸਮੁੱਚੇ ਵਿਕਾਸ ਲਈ 74.41 ਕਰੋੜ ਦੀ ਲਾਗਤ ਨਾਲ 1255 ਵਿਕਾਸ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸਮੀਖਿਆ ਮੀਟਿੰਗ ਦੌਰਾਨ ਕਈ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਨਿਰੀਖਣ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ ਦੀ ਹਾਜ਼ਰੀ ਵਿੱਚ ਦੱਸਿਆ ਕਿ ਪਹਿਲੇ ਪੜਾਅ ਅਧੀਨ ਲਗਪਗ 441 ਵਿਕਾਸ ਕਾਰਜ ਹੋਏ ਸਨ। ਜਿਨ੍ਹਾਂ ਉੱਤੇ 16.96 ਕਰੋੜ ਰੁਪਏ ਦੀ ਲਾਗਤ ਆਈ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਕੁੱਲ 1631 ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਸਬੰਧਤ ਏਜੰਸੀਆਂ ਵੱਲੋਂ ਹੁਣ ਤੱਕ 1255 ਦੇ ਕਰੀਬ ਕੰਮ ਸ਼ੁਰੂ ਕੀਤੇ ਜਾ ਚੁੱਕੇ, ਜਦੋਂਕਿ ਇਨ੍ਹਾਂ ਕੁੱਲ ਸ਼ੁਰੂ ਕੀਤੇ ਗਏ ਕੰਮਾਂ ’ਚੋਂ 977 ਕੰਮ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ।