ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਕਤੂਬਰ
ਚਿਤਕਾਰਾ ਯੂਨੀਵਰਸਿਟੀ ਵਿੱਚ 12ਵਾਂ ਸਾਲਾਨਾ ਗਲੋਬਲ ਹਫ਼ਤਾ-2022 ਆਰੰਭ ਹੋ ਗਿਆ ਹੈ। ਇਸ ਵਿੱਚ 20 ਦੇਸ਼ਾਂ ਦੀਆਂ 40 ਤੋਂ ਵੱਧ ਯੂਨੀਵਰਸਿਟੀਆਂ ਦੇ 75 ਪ੍ਰੋਫ਼ੈਸਰ ਅਤੇ 200 ਡੈਲੀਗੇਟ ਭਾਗ ਲੈ ਰਹੇ ਹਨ। ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਵੈਸਟਰਨ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਯੂਐੱਸਏ ਦੇ ਪ੍ਰਧਾਨ ਡਾ. ਡੈਨੀਅਲ ਵਿਲਸਨ, ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਕਰਨਲ ਰਾਜ ਸਿੰਘ ਬਿਸ਼ਨੋਈ, ਚਿਤਕਾਰਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਅਰਚਨਾ ਮੰਤਰੀ ਅਤੇ ਪ੍ਰੋ. ਵਾਈਸ ਚਾਂਸਲਰ ਤੇ ਆਫ਼ਿਸ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਦੀ ਮੁਖੀ ਡਾ. ਸੰਗੀਤ ਜੌੜਾ ਵੀ ਹਾਜ਼ਰ ਸਨ। ਇਸ ਮੌਕੇ ਗਿੱਧੇ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਵੀ ਹੋਈ।
ਇਸ ਮੌਕੇ ਚਿਤਕਾਰਾ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ ਕਿ ਸਾਲਾਨਾ ਗਲੋਬਲ ਹਫ਼ਤਾ ਵਿਦਿਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਅੰਤਰ-ਰਾਸ਼ਟਰੀਕਰਨ ਲਈ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਦੇਸ਼ ਦੇ ਵਿੱਦਿਅਕ ਸ਼ਾਸਤਰੀ ਆਪਣੇ ਗਿਆਨ ਅਤੇ ਤਜਰਬੇ ਦਾ ਆਦਾਨ ਪ੍ਰਦਾਨ ਕਰਨਗੇ, ਜਿਸ ਦਾ ਵਿਦਿਆਰਥੀਆਂ ਨੂੰ ਭਾਰੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸਰਹੱਦਾਂ ਦੇ ਪਾਰ ਸਹਿਯੋਗੀ ਸਿੱਖਿਆ ਅਤੇ ਮਿਸ਼ਰਤ ਸਿੱਖਿਆ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਇਸ ਨੂੰ ਯੂਨੀਵਰਸਿਟੀ ਦੀ ਵੱਡੀ ਕੌਮਾਂਤਰੀ ਪਹਿਲ ਦੱਸਿਆ।