ਦਰਸ਼ਨ ਸਿੰਘ ਸੋਢੀ
ਮੁਹਾਲੀ 10 ਜੂਨ
ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਮੁਹਾਲੀ ਸਮੇਤ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਲੋਨਾਈਜ਼ਰਾਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਹੁਣ ਤੱਕ ਕਈ ਗੈਰ ਕਾਨੂੰਨੀ ਕਲੋਨੀਆਂ ਕੀਤੀਆਂ ਜਾ ਰਹੀਆਂ ਸੈਂਕੜੇ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ। ਗਮਾਡਾ ਦੇ ਅਸਟੇਟ ਅਫ਼ਸਰ ਪਵਿੱਤਰ ਸਿੰਘ ਨੇ ਦੱਸਿਆ ਕਿ ਮੁਹਾਲੀ ਨੇੜਲੇ ਪਿੰਡਾਂ ਹੋਰ ਇਲਾਕਿਆਂ ਵਿੱਚ ਕੁੱਝ ਕਲੋਨਾਈਜ਼ਰਾਂ ਵੱਲੋਂ ਖੇਤਾਂ ਵਿੱਚ ਪਲਾਟ ਕੱਟ ਕੇ ਵੇਚਣ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਦੇ ਨਾਲ ਹੀ ਗਮਾਡਾ ਦੀ ਵਿਸ਼ੇਸ਼ ਟੀਮਾਂ ਵੱਲੋਂ ਵੀ ਕੀਤੇ ਗਏ ਸਰਵੇ ਦੌਰਾਨ ਦੇਖਿਆ ਕਿ ਮੁਹਾਲੀ ਨੇੜਲੇ ਪਿੰਡਾਂ ਝਾਮਪੁਰ, ਦਾਊਂ, ਜੁਝਾਰ ਨਗਰ, ਬਹਿਲੋਲਪੁਰ, ਘੜੂੰਆਂ ਸਮੇਤ ਰੂਪਨਗਰ ਅਤੇ ਹੋਰਨਾਂ ਥਾਵਾਂ ਉੱਤੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਨਾਜਾਇਜ਼ ਕਲੋਨੀਆਂ ਬਣ ਰਹੀਆਂ ਹਨ ਅਤੇ ਕੀ ਥਾਵਾਂ ਉੱਤੇ ਸ਼ੋਅਰੂਮਾਂ ਅਤੇ ਮਕਾਨਾਂ ਦੀ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ।
ਅਧਿਕਾਰੀ ਨੇ ਦੱਸਿਆ ਕਿ ਗਮਾਡਾ ਨੇ ਤੁਰੰਤ ਕਾਰਵਾਈ ਕਰਦਿਆਂ ਖੇਤਰਾਂ ਵਿੱਚ ਉਸਾਰੀ ਅਧੀਨ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਨਾਜਾਇਜ਼ ਕਲੋਨੀਆਂ ਵਿੱਚ ਬਣ ਰਹੀਆਂ ਸੜਕਾਂ ਵਿੱਚ ਖੱਡੇ ਪੁੱਟ ਦਿੱਤੇ ਗਏ ਹਨ। ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਨਾਜਾਇਜ਼ ਕਲੋਨੀਆਂ ਕੱਟਣ ਅਤੇ ਗਲਤ ਤਰੀਕੇ ਨਾਲ ਪਲਾਟ ਵੇਚਣ ਵਾਲੇ ਕਲੋਨਾਈਜ਼ਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਮਾਡਾ ਸਿਰਫ਼ ਨਾਜਾਇਜ਼ ਉਸਾਰੀਆਂ ਤੱਕ ਹੀ ਸੀਮਤ ਨਹੀਂ ਰਹੇਗਾ ਬਲਕਿ ਗੈਰ ਕਾਨੂੰਨੀ ਤਰੀਕੇ ਨਾਲ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਸਬੰਧੀ ਗਮਾਡਾ ਨੇ ਪੁਲੀਸ ਨੂੰ ਪੱਤਰ ਲਿਖ ਕੇ ਸਬੰਧਤ ਕਲੋਨਾਈਜ਼ਰਾਂ ਖਿਲਾਫ਼ ਐਫਆਈਆਰ ਕਰਨ ਦੀ ਮੰਗ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਛੇ ਕਮੇਟੀਆਂ ਬਣਾਈਆਂ ਗਈਆਂ ਹਨ। ਨਾਜਾਇਜ਼ ਉਸਾਰੀਆਂ ਢਾਹੁਣ ਦੀ ਕਰਵਾਈ ਦੀ ਐੱਸਡੀਓ ਹਰਪ੍ਰੀਤ ਸਿੰਘ ਨਿਗਰਾਨੀ ਕਰ ਰਹੇ ਹਨ ਜਦੋਂਕਿ ਸਮੇਂ ਸਮੇਂ ਸਿਰ ਉਹ ਖੁਦ ਵੀ ਨਜਰਸ਼ਾਨੀ ਕਰਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਪੈਸੇ ਬਚਾਉਣ ਦੇ ਚੱਕਰ ਵਿੱਚ ਠੱਗੀਆਂ ਮਾਰਨ ਵਾਲੇ ਬਿਲਡਰਾਂ ਦੇ ਝਾਂਸੇ ਵਿੱਚ ਨਾ ਆਉਣ। ਗਮਾਡਾ ਵੱਲੋਂ ਵੀ ਇਸ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ ਕਿ ਇਹਨਾਂ ਇਲਾਕਿਆਂ ਵਿੱਚ ਕੋਈ ਪ੍ਰਾਪਰਟੀ ਨਾ ਖਰੀਦੀ ਜਾਵੇ।