ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਦਸੰਬਰ
ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਈਕੋ ਸਿਟੀ-2 (ਨਿਊ ਚੰਡੀਗੜ੍ਹ) ਵਿੱਚ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੇਣ ਦੀ ਮੰਗ ਕੀਤੀ ਹੈ। ਚਾਹਵਾਨ ਵਿਅਕਤੀ 14 ਜਨਵਰੀ 2021 ਤੱਕ ਅਰਜ਼ੀਆਂ ਦੇ ਸਕਦੇ ਹਨ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈ। ਇਸ ਸਕੀਮ ਵਿੱਚ 200 ਗਜ, 300 ਗਜ, 400 ਗਜ, 450 ਗਜ, 500 ਗਜ, 1000 ਗਜ ਅਤੇ 2000 ਗਜ ਆਕਾਰ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਗਮਾਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਦੇਸ਼ ਦੇ ਸਾਰੇ ਆਮ ਸ਼੍ਰੇਣੀ ਦੇ ਨਾਗਰਿਕਾਂ (ਵਿਦੇਸ਼ਾਂ ਵਿੱਚ ਵਸੇ ਵਿਅਕਤੀਆਂ ਨੂੰ ਛੱਡ ਕੇ) ਲਈ ਖੁੱਲ੍ਹੀ ਹੈ, ਜਿਨ੍ਹਾਂ ਦੀ ਉਮਰ ਸਕੀਮ ਵਿੱਚ ਬਿਨੈ ਕਰਨ ਦੀ ਆਖ਼ਰੀ ਤਰੀਕ ਤੱਕ 18 ਸਾਲ ਹੋਵੇ। ਇਸ ਸਕੀਮ ਵਿਚ ਬਜ਼ੁਰਗ ਨਾਗਰਿਕਾਂ ਨੂੰ ਅਲਾਟਮੈਂਟ ਵਿੱਚ ਤਰਜ਼ੀਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਲਈ ਮਹਿਲਾ ਬਿਨੈਕਾਰਾਂ ਨੂੰ ਵਿਚਾਰਿਆ ਜਾਵੇਗਾ। ਇਨ੍ਹਾਂ ਬਿਨੈਕਾਰਾਂ ਦੀ ਸੂਚੀ ਖ਼ਤਮ ਹੋ ਜਾਣ ਤੋਂ ਬਾਅਦ ਹੋਰਨਾਂ ਬਿਨੈਕਾਰਾਂ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਇਸ ਸਕੀਮ ਵਿੱਚ ਵੱਖ-ਵੱਖ ਰਾਖਵੀਂਆਂ ਅਤੇ ਤਰਜੀਹੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਲਾਭ, ਸੂਬੇ ਦੇ ਉਨ੍ਹਾਂ ਵਸਨੀਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦਾ ਦੇਸ਼ ਵਿੱਚ ਆਪਣਾ ਜਾਂ ਉਨ੍ਹਾਂ ਦੇ ਜੀਵਨ ਸਾਥੀ ਦਾ ਕੋਈ ਪਲਾਟ/ਮਕਾਨ ਨਹੀਂ ਹੈ।
ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਲਈ ਭੁਗਤਾਨ ਨੂੰ ਬਹੁਤ ਸੁਵਿਧਾਜਨਕ ਬਣਾਇਆ ਗਿਆ ਹੈ। ਪਲਾਟ ਦੀ ਕੁੱਲ ਕੀਮਤ ਦੀ 10 ਫੀਸਦੀ ਰਕਮ ਬਿਨੈ-ਪੱਤਰ ਦੇਣ ਵੇਲੇ ਪੇਸ਼ਗੀ ਵਜੋਂ ਜਮ੍ਹਾ ਕੀਤੀ ਜਾਣੀ ਹੈ ਜਦਕਿ ਲੈਟਰ ਆਫ਼ ਇੰਟੈਂਟ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ 15 ਫ਼ੀਸਦੀ ਭੁਗਤਾਨ ਕੀਤਾ ਜਾਣਾ ਹੈ।
ਬਕਾਇਆ 75 ਫੀਸਦੀ ਰਕਮ ਲੈਟਰ ਆਫ਼ ਇੰਟੈਂਟ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਯਕਮੁਸ਼ਤ ਜਾਂ ਸਾਲਾਨਾ 9 ਫੀਸਦੀ ਵਿਆਜ ਦੇ ਨਾਲ ਛੇ ਛਮਾਹੀ ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਸਕੀਮ ਦਾ ਬਰੋਸ਼ਰ ਇੱਥੋਂ ਦੇ ਸੈਕਟਰ-62 ਸਥਿਤ ਪੁੱਡਾ ਭਵਨ ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਜਾਂ ਇਸ ਸਕੀਮ ਨਾਲ ਜੁੜੇ ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਹਰ ਪ੍ਰਕਾਰ ਤੋਂ ਮੁਕੰਮਲ ਅਰਜ਼ੀਆਂ ਆਖ਼ਰੀ ਮਿਤੀ ਜਾਂ ਇਸ ਤੋਂ ਪਹਿਲਾਂ ਬੈਂਕਾਂ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਬਿਨੈਕਾਰ gmada.gov.in ਵੈੱਬਸਾਈਟ ’ਤੇ ਵੀ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।