ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਜੂਨ
ਚੋਰਾਂ ਨੇ ਇੱਥੇ ਸਨਅਤੀ ਖੇਤਰ ਫੇਜ਼-1 ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚੋਂ ਅੱਜ ਤੜਕੇ ਗੋਲਕ ਚੋਰੀ ਕਰ ਲਿਆ। ਚੋਰ ਗੋਲਕ ਤੋੜ ਕੇ ਉਸ ਵਿੱਚੋਂ ਨਗਦੀ ਕੱਢ ਕੇ ਗੋਲਕ ਗੁਰਦੁਆਰੇ ਨਾਲ ਲਗਦੀਆਂ ਝਾੜੀਆਂ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਵਾਰਦਾਤ ਤੋਂ ਪਹਿਲਾਂ ਗੁਰਦੁਆਰੇ ਦੇ ਗ੍ਰੰਥੀ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ।
ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਤੜਕੇ ਜਦੋਂ ਕਮੇਟੀ ਮੈਂਬਰ ਤਰਸੇਮ ਸਿੰਘ ਗੁਰਦੁਆਰੇ ਪੁੱਜਾ ਤਾਂ ਉਨ੍ਹਾਂ ਦੇਖਿਆ ਕਿ ਮੁੱਖ ਗੇਟ ਸਣੇ ਦਰਬਾਰ ਸਾਹਿਬ ਦਾ ਗੇਟ ਖੁੱਲ੍ਹਾ ਪਿਆ ਸੀ। ਉਨ੍ਹਾਂ ਜਦੋਂ ਦਰਬਾਰ ਸਾਹਿਬ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਗਾਇਬ ਸੀ। ਤਰਸੇਮ ਸਿੰਘ ਗ੍ਰੰਥੀ ਨੂੰ ਉਸ ਦੇ ਕਮਰੇ ਵਿੱਚ ਦੇਖਣ ਗਏ ਤਾਂ ਦੇਖਿਆ ਕਿ ਉਸ ਦੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਉਨ੍ਹਾਂ ਇਸ ਬਾਰੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲੀਸ ਨੇ ਗੁਰਦੁਆਰੇ ਵਿਚਲੇ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਤੜਕੇ ਤਿੰਨ ਵਜੇ ਦੇ ਕਰੀਬ ਤਿੰਨ ਜਣੇ ਗੋਲਕ ਚੁੱਕ ਕੇ ਬਾਹਰ ਲਿਜਾ ਰਹੇ ਸਨ। ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਚੋਰਾਂ ਦੇ ਸਿਰ ਨੰਗੇ ਸਨ ਤੇ ਪੈਰਾਂ ਵਿੱਚ ਬੂਟ ਵੀ ਪਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਗੋਲਕ ਗੁਰਦੁਆਰੇ ਦੇ ਨਾਲ ਲਗਦੇ ਜੰਗਲੀ ਇਲਾਕੇ ਵਿੱਚੋਂ ਮਿਲੀ ਜਿਸ ਵਿੱਚੋਂ ਨੋਟ ਕੱਢ ਲਏ ਗਏ ਸਨ ਤੇ ਭਾਨ ਛੱਡ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਰੀਬ 50 ਹਜ਼ਾਰ ਦੀ ਰਕਮ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਕਮੇਟੀ ਮੈਂਬਰਾਂ ਅਨੁਸਾਰ ਸੀਸੀਟੀਵੀ ਦੀ ਰਿਕਾਰਡਿੰਗ ਦੇਖਣ ਤੋਂ ਪਤਾ ਲੱਗਿਆ ਕਿ ਜਦੋਂ ਦੋ ਚੋਰ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਗੁਰਦੁਆਰੇ ਦੇ ਬਾਹਰ ਤੋਂ ਲੰਘ ਰਹੀ ਚੰਡੀਗੜ੍ਹ ਪੁਲੀਸ ਦੀ ਪੀਸੀਆਰ ਦੇ ਮੁਲਾਜ਼ਮ ਸ਼ੱਕੀ ਮੁੰਡੇ ਨੂੰ ਗੁਰਦੁਆਰੇ ਬਾਹਰੋਂ ਕਾਬੂ ਕਬ ਕੇ ਨਾਲ ਲੈ ਗਏ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਹ ਮੁੰਡਾ ਚੋਰਾਂ ਦਾ ਸਾਥੀ ਹੋਵੇਗਾ ਜੋ ਨਿਗਰਾਨੀ ਲਈ ਬਾਹਰ ਖੜ੍ਹਾ ਸੀ।