ਹਰਜੀਤ ਸਿੰਘ
ਡੇਰਾਬੱਸੀ, 29 ਅਕਤੂਬਰ
ਇੱਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਸੈਨੇਟਰੀ ਦੀ ਦੁਕਾਨ ਵਿੱਚੋਂ ਚੋਰ ਕੰਧ ਨੂੰ ਪਾੜ ਲਾ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲੈ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਦੁਕਾਨ ਮਾਲਕ ਵਿਸ਼ਾਲ ਗਰਗ ਵਾਸੀ ਬਰਵਾਲਾ ਰੋਡ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਲੰਘੀ ਸ਼ਾਮ ਆਪਣੀ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਸਵੇਰੇ ਜਦ ਉਹ ਨੇ ਦੇਖਿਆ ਤਾਂ ਸ਼ਟਰ ਖੁੱਲ੍ਹਾ ਪਿਆ ਸੀ। ਦੁਕਾਨ ਦੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਟੂਟੀਆਂ ਅਤੇ ਹੋਰ ਸਾਮਾਨ ਗਾਇਬ ਸੀ। ਦੁਕਾਨਦਾਰ ਵਿਸ਼ਾਲ ਗਗਰ ਨੇ ਦੱਸਿਆ ਕਿ ਚੋਰ ਗੱਲੇ ਵਿੱਚ ਪਏ 70 ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਚੋਰ ਨਕਦੀ ਸਣੇ ਲੱਖਾਂ ਰੁਪਏ ਦਾ ਸਾਮਾਨ ਲੈ ਗਏ। ਸੀਸੀਟੀਵੀ ਕੈਮਰੇ ਦੀ ਫੂਟੇਜ ਮੁਤਾਬਕ ਚੋਰ ਤੜਕੇ ਚਾਰ ਵਜੇ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਇਕ ਘੰਟ ਬਾਅਦ ਪੰਜ ਵਜੇ ਬਾਹਰ ਨਿਕਲੇ। ਚੋਰਾਂ ਨੇ ਆਪਣੀ ਪਛਾਣ ਛੁਪਾਉਣ ਲਈ ਮੂੰਹ ਢੱਕੇ ਹੋਏ ਸਨ। ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਸੀਸੀਟੀਵੀ ਫੂਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ ਭੇਜਣ ਦੇ ਨਾਮ ’ਤੇ 2 ਲੱਖ ਰੁਪਏ ਠੱਗੇ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਪ੍ਰਤਾਪ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਰੁਪਿੰਦਰ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 2 ਲੱਖ ਰੁਪਏ ਲਏ ਸਨ ਪਰ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਰੁਪਏ ਵਾਪਸ ਕੀਤੇ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ