ਬਨੂੜ: ਬਨੂੜ-ਅੰਬਾਲਾ ਕੌਮੀ ਮਾਰਗ ’ਤੇ ਪਿੰਡ ਖਲੌਰ ਵਿੱਚ ਸਥਿਤ ਮਾਤ-ਪਿਤਾ ਗਊ ਧਾਮ ਵਿੱਚ ਗੋਪਾ ਅਸ਼ਟਮੀ ਸਬੰਧੀ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ। ਨੌਂ ਨਵੰਬਰ ਤੱਕ ਚੱਲਣ ਵਾਲੇ ਸਮਾਗਮਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਗਊ ਭਗਤ ਤੇ ਹੋਰ ਸ਼ਰਧਾਲੂ ਸ਼ਿਰਕਤ ਕਰ ਰਹੇ ਹਨ। ਬਿਨਾਂ ਕਿਸੇ ਮੂਰਤੀ ਤੋਂ ਮਾਤਾ-ਪਿਤਾ ਦੇ ਸਤਿਕਾਰ ਦੀ ਪ੍ਰੇਰਨਾ ਦੇਣ ਲਈ ਇੱਥੇ ਬਣਾਇਆ ਮਾਤ-ਪਿਤਾ ਮੰਦਰ ਵੀ ਖਿੱਚ ਦਾ ਕੇਂਦਰ ਹੈ। ਗਊ ਧਾਮ ਮਹਾਤੀਰਥ ਦੇ ਮੁੱਖ ਪ੍ਰਬੰਧਕ ਗੋਚਰ ਦਾਸ ਗਿਆਨ ਨੇ ਦੱਸਿਆ ਕਿ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਆਪਣੇ ਮਾਪਿਆਂ ਨੂੰ ਸਤਿਕਾਰ ਦੇਣ ਲਈ ਵੀ ਸਹੁੰ ਚੁਕਾਈ ਜਾਂਦੀ ਹੈ। ਨੌਂ ਨਵੰਬਰ ਨੂੰ ਗੋਪਾ ਅਸ਼ਟਮੀ ਮੌਕੇ 1008 ਦੇਸੀ ਘਿਓ ਦੇ ਦੀਵਿਆਂ ਨਾਲ ਸ਼ਾਮ ਨੂੰ ਗੋਹਾ ਦੇਵੀ ਦੀ ਆਰਤੀ ਕੀਤੀ ਜਾਵੇਗੀ। ਸੰਗਤ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਅਮਰਜੀਤ ਬਾਂਸਲ, ਸੁਰਨੇਸ਼ ਸਿੰਗਲਾ, ਕਪਿਲ ਵਰਮਾ, ਸੁਰੇਸ਼ ਬਾਂਸਲ, ਲਾਜਪਤ ਰਾਏ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ