ਮਿਹਰ ਸਿੰਘ
ਕੁਰਾਲੀ, 29 ਸਤੰਬਰ
ਪੰਜਾਬ ਵਿੱਚ ਨਵੀਂ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਵਜੂਦ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਾਜਾਇਜ਼ ਖਣਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਬਲਾਕ ਦੇ ਪਿੰਡ ਨਗਲੀਆਂ ਦੀ ਸ਼ਾਮਲਾਤ ਜ਼ਮੀਨ ਵਿਚੋਂ ਦਿਨ ਰਾਤ ਵੱਡੀ ਪੱਧਰ ’ਤੇ ਖਣਨ ਹੋ ਰਿਹਾ ਹੈ ਜਦਕਿ ਸਰਕਾਰ, ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਪਿੰਡ ਨਗਲੀਆਂ ਦੀ ਸ਼ਾਮਲਾਤ ’ਚੋਂ ਵੱਡੇ ਪੱਧਰ ਤੇ ਜੇਸੀਬੀ ਮਸ਼ੀਨਾਂ ਅਤੇ ਅਣ-ਗਿਣਤ ਟਰੈਕਟਰ ਟਰਾਲੀਆਂ ਦਿਨ ਦਿਹਾੜੇ ਇਥੋਂ ਨਜਾਇਜ਼ ਢੰਗ ਨਾਲ ਰੇਤ ਅਤੇ ਮਿੱਟੀ ਪੁੱਟ ਕੇ ਲਿਜਾ ਰਹੀਆਂ ਹਨ। ਇਸ ਸਬੰਧੀ ਜਦੋਂ ਮੀਡੀਆ ਦੀ ਟੀਮ ਨੇ ਦੌਰਾ ਕੀਤਾ ਤਾਂ ਮਾਈਨਿੰਗ ਕਰਨ ਵਿੱਚ ਰੁਝੇ ਮਾਫੀਆ ਨਾਲ ਸਬੰਧਤ ਲੋਕ ਮੌਕੇ ਤੋਂ ਮਸ਼ੀਨ ਤੇ ਟਰੈਕਟਰ ਭਜਾ ਕੇ ਲੈ ਗਏ। ਇਸ ਸਬੰਧੀ ਮਾਜਰੀ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਮੌਕੇ ‘ਤੇ ਪੁੱਜੇ ਸਹਾਇਕ ਥਾਣੇਦਾਰਾਂ ਨੇ ਸਭ ਕੁਝ ਮੌਕੇ ’ਤੇ ਪੁੱਜ ਕੇ ਦੇਖਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਫੀਆ ਵਲੋਂ ਜਿੱਥੇ ਪਿੰਡ ਦੀ ਜ਼ਮੀਨ ਵਿੱਚ 40 ਤੋਂ 50 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਹਨ। ਸਰਪੰਚ ਗੁਰਪਾਲ ਕੌਰ, ਪੰਚ ਸਰਬਜੀਤ ਕੌਰ, ਮਨਦੀਪ ਕੌਰ ਤੇ ਸੰਤ ਸਿੰਘ ਆਦਿ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭੇਜੀ ਲਿਖਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਮਾਫੀਆ ਪੂਰੀ ਤਰ੍ਹਾਂ ਬੇਖੌਫ਼ ਹੈ।
ਥਾਣਿਆਂ ’ਚ ਪਰਚੇ ਦਰਜ ਕਰਵਾਏ: ਮਾਈਨਿੰਗ ਇੰਸਪੈਕਟਰ
ਮਾਈਨਿੰਗ ਇੰਸਪੈਕਟਰ ਮਾਜਰੀ ਦਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਅਤੇ ਉਨ੍ਹਾਂ ਨੇ ਕਾਰਵਾਈ ਕੀਤੀ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਦੇ ਕੇ ਖਰੜ ਅਤੇ ਮਾਜਰੀ ਥਾਣੇ ਵਿੱਚ ਪਰਚੇ ਦਰਜ ਕਰਵਾਏ ਗਏ ਹਨ।
ਦਰਿਆ ਸਤਲੁਜ ਵਿੱਚੋਂ ਸਿੱਲਟ ਕੱਢਣ ਦੇ ਬਹਾਨੇ ਰੇਤੇ ਦੇ ਭਰੇ ਜਾਂਦੇ ਟਿੱਪਰ
ਸੰਜੀਵ ਬੱਬੀ
ਚਮਕੌਰ ਸਾਹਿਬ, 29 ਸਤੰਬਰ
ਕਸਬਾ ਬੇਲਾ ਨਜ਼ਦੀਕ ਪੈਂਦੇ ਦਰਿਆ ਸਤਲੁਜ ਵਿੱਚੋਂ ਸਿੱਲਟ ਕੱਢਣ ਦੇ ਨਾਮ ’ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਹੈ, ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਸ਼ਿਕੰਜਾ ਕਸਣ ਦੇ ਬਿਆਨ ਦੇ ਕੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਇਲਾਕੇ ਦੇ ਯੂਥ ਆਗੂ ਲਖਵੀਰ ਸਿੰਘ ਲੱਖੀ, ਕਿਸਾਨ ਆਗੂ ਸਤਨਾਮ ਸਿੰਘ ਹੈਪੀ, ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਮਨਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਮਾਈਨਿੰਗ ਸਬੰਧੀ ਅੱਖਾਂ ਮੀਚੀ ਬੈਠਾ ਹੈ ਅਤੇ ਇਹ ਰੇਤੇ ਦੇ ਓਵਰਲੋਡ ਟਿੱਪਰ ਕਸਬਾ ਬੇਲਾ ਵਿੱਚੋਂ ਸੂਏ ਦੇ ਕੱਚੇ ਰਸਤੇ ਹੋ ਕੇ ਦਰਿਆ ਸਤਲੁਜ ਵਿੱਚੋਂ ਆਉਂਦੇ ਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਦਰਿਆ ਦੇ ਬੰਨ੍ਹ ਦੇ ਰਸਤੇ ਸਮੇਤ ਸੂਏ ਦੇ ਬੰਨ੍ਹ ਰਸਤੇ ਨੂੰ ਰੋਜ਼ਾਨਾ ਜੇਸੀਬੀ ਮਸ਼ੀਨ ਰਾਹੀਂ ਠੀਕ ਕਰਕੇ ਟਿੱਪਰ ਲੰਘਾਏ ਜਾ ਰਹੇ ਹਨ, ਜਦੋਂ ਕਿ ਬੰਨ੍ਹਾਂ ਦੀ ਹਾਲਤ ਬਹੁਤ ਖਸਤਾ ਹੁੰਦੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰਾਂਗੇ: ਐੱਸਡੀਐੱਮ
ਐੱਸਡੀਐੱਮ ਗੀਤਿਕਾ ਸਿੰਘ ਨੇ ਕਿਹਾ ਕਿ ਦਰਿਆ ਵਿੱਚ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸਿੱਲਟ ਕੱਢਣ ਦਾ ਕੰਮ ਚੱਲ ਰਿਹਾ ਸੀ, ਪਰ ਹੁਣ ਰੇਤੇ ਦਾ ਡੰਪ ਹੋਣ ਕਰਕੇ ਹੀ ਰੇਤਾ ਕੱਢਿਆ ਜਾ ਰਿਹਾ ਹੋਵੇਗਾ ਪਰ ਫਿਰ ਵੀ ਉਹ ਇਸ ਸਬੰਧੀ ਜਾਂਚ ਕਰਨਗੇ ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਾਂ ਡੰਪ ਕੀਤਾ ਰੇਤਾ ਹੀ ਚੁੱਕਿਆ ਜਾ ਰਿਹਾ ਹੈ।