ਕਰਮਜੀਤ ਸਿੰਘ ਚਿੱਲਾ
ਬਨੂੜ, 26 ਸਤੰਬਰ
ਬਨੂੜ ਖੇਤਰ ਵਿੱਚ ਝੋਨੇ ਦੀ ਖਰੀਦ ਦੀ ਉਡੀਕ ਵਿੱਚ ਪਿਛਲੇ ਕਈਂ ਦਿਨਾਂ ਮੰਡੀ ਵਿੱਚ ਝੋਨਾ ਲਿਆ ਰਹੇ ਕਿਸਾਨਾਂ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਇਸ ਵਰ੍ਹੇ ਕੇਂਦਰ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਪਹਿਲੀ ਅਕਤੂਬਰ ਦੀ ਥਾਂ 26 ਸਤੰਬਰ ਤੋਂ ਖਰੀਦ ਆਰੰਭ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਪੱਤਰ ਦੇ ਆਉਂਦਿਆਂ ਹੀ ਖਰੀਦ ਏਜੰਸੀਆਂ ਅਤੇ ਪ੍ਰਸ਼ਾਸ਼ਨ ਵੱਲੋਂ ਐਤਵਾਰ ਤੋਂ ਝੋਨੇ ਦੀ ਖਰੀਦ ਆਰੰਭ ਕਰਨ ਦੇ ਪ੍ਰਬੰਧ ਆਰੰਭ ਦਿੱਤੇ ਗਏ ਹਨ।
ਬਨੂੜ ਮੰਡੀ ਵਿੱਚ ਤਿੰਨ ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਪਿਛਲੇ ਕਈ ਦਿਨਾਂ ਤੋਂ ਖਰੀਦ ਦੀ ਉਡੀਕ ਕਰ ਰਿਹਾ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਭਲਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਝੋਨੇ ਦੀ ਸਰਕਾਰੀ ਖਰੀਦ ਆਰੰਭ ਕਰਾਉਣਗੇ। ਉਨ੍ਹਾਂ ਦੱਸਿਆ ਕਿ ਇੱਥੋਂ ਐਫ਼ਸੀਆਈ, ਪਨਗਰੇਨ ਅਤੇ ਮਾਰਕਫੈੱਡ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਮਾਰਕੀਟ ਕਮੇਟੀ ਬਨੂੜ ਵੱਲੋਂ ਝੋਨੇ ਵੇਚਣ ਆਉਣ ਵਾਲੇ ਕਿਸਾਨਾਂ ਲਈ ਕਰੋਨਾ ਪ੍ਰਤੀ ਸਾਵਧਾਨੀ ਕਾਰਨ ਸਮਾਜਿਕ ਦੂਰੀ ਦੇ ਮੱਦੇਨਜ਼ਰ ਰੱਖਦਿਆਂ ਤਿੰਨ ਦੀ ਥਾਂ ਗਿਆਰਾਂ ਥਾਂਵਾਂ ਉੱਤੇ ਝੋਨੇ ਦੀ ਖਰੀਦ ਹੋਵੇਗੀ।
ਲਾਲੜੂ ਅਧੀਨ ਆਉਂਦੀ ਮੰਡੀਆਂ ’ਚ ਨਹੀਂ ਹੋਈ ਝੋਨੇ ਦੀ ਖਰੀਦ਼
ਲਾਲੜੂ (ਸਰਬਜੀਤ ਸਿੰਘ ਭੱਟੀ): ਕੇਂਦਰ ਸਰਕਾਰ ਵਲੋਂ ਸਰਕਾਰੀ ਤੌਰ ਤੇ ਝੋਨੇ ਦੀ ਖਰੀਦ 26 ਸਤੰਬਰ ਤੋਂ ਕਰਨ ਦੇ ਐਲਾਨ ਦੇ ਬਾਵਜੂਦ ਮਾਰਕੀਟ ਕੇਮਟੀ ਲਾਲੜੂ ਅਧੀਨ ਆਉਂਦੀ ਮੰਡੀਆਂ ਅਤੇ ਖਰੀਦ ਕੇਂਦਰਾਂ ’ਚ ਅੱਜ ਝੋਨੇ ਦੀ ਖਰੀਦ ਸਬੰਧੀ ਕੋਈ ਕੰਮ ਨਹੀਂ ਹੋਇਆ। ਕਮੇਟੀ ਅਤੇ ਖਰੀਦ ਏਜੰਸੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਲਿਖਤੀ ਹੁਕਮ ਨਹੀਂ ਆਇਆ, ਜਿਸ ਕਾਰਨ ਖਰੀਦ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਮਾਰਕੀਟ ਕਮੇਟੀ ਲਾਲੜੂ ਦੇ ਚੈਅਰਮੇਨ ਓਮਬੀਰ ਰਾਣਾ ਨੇ ਦੱਸਿਆ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ 26 ਸਤੰਬਰ ਤੋਂ ਕਰਨ ਦਾ ਜ਼ੁਬਾਨੀ ਐਲਾਨ ਕੀਤਾ ਹੈ, ਪਰੰਤੂ ਉਨ੍ਹਾਂ ਕੋਲ ਜੱਦ ਤੱਕ ਲਿਖਤੀ ਹੁਕਮ ਨਹੀਂ ਆਉਂਦੇ ਤਾਂ ਖਰੀਦ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਸਕਦਾ।
ਐਮਐੱਸਪੀ ’ਤੇ ਕੀਤੀ ਜਾਵੇਗੀ ਮੰਡੀਆਂ ਵਿੱਚ ਖਰੀਦ: ਡੀਸੀ
ਪੰਚਕੂਲਾ (ਪੀ.ਪੀ. ਵਰਮਾ): ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ ਨੇ ਕਿਹਾ ਕਿ ਖਰੀਦ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਮੰਡੀਆਂ ਵਿੱਚ ਤੁਰੰਤ ਕਿਸਾਨਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਤਾਂ ਜੋ ਖਰੀਦ ਕਾਰਜ ਸ਼ੁਰੂ ਕਰਦਿਆਂ ਕਿਸਾਨਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਖਰੀਦ ਏਜੰਸੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਜ਼ਿਲ੍ਹਾ ਮੰਡੀਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ ’ਤੇ ਝੋਨਾ, ਬਾਜਰੇ ਅਤੇ ਮੱਕੀ ਦੀ ਖਰੀਦ ਕੀਤੀ ਜਾਵੇਗੀ। ਇਸ ਦੇ ਲਈ ਅਧਿਕਾਰੀ ਕੋਵਿਡ ਨੂੰ ਧਿਆਨ ਵਿਚ ਰੱਖਦਿਆਂ ਸੈਨੀਟਾਈਜ਼ਰ, ਮਾਸਕ ਅਤੇ ਥਰਮੋ ਸਕੈਨਰ ਆਦਿ ਦਾ ਸਹੀ ਪ੍ਰਬੰਧ ਕਰਨ।
ਝੋਨੇ ਦੀ ਖਰੀਦ ਆਰੰਭ ਹੋਣ ਦਾ ਸਵਾਗਤ
ਬਨੂੜ: ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ ਪੁਨੀਤ ਜੈਨ ਅਤੇ ਹੋਰਨਾਂ ਆੜ੍ਹਤੀਆਂ ਨੇ 27 ਸਤੰਬਰ ਤੋਂ ਝੋਨੇ ਦੀ ਖਰੀਦ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਅਗੇਤਾ ਝੋਨਾ ਹੁੰਦਾ ਹੈ ਤੇ ਕਿਸਾਨਾਂ ਵੱਲੋਂ 25 ਤੋਂ ਝੋਨੇ ਦੀ ਖਰੀਦ ਦੀ ਮੰਗ ਕੀਤੀ ਜਾ ਰਹੀ ਸੀ। ਆੜ੍ਹਤੀਆਂ ਨੇ ਕਿਸਾਨਾਂ ਨੂੰ ਮੰਡੀ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ।