ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 8 ਨਵੰਬਰ
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਹੱਲ ਨਾ ਹੋਣ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਦੋ ਹਫ਼ਤੇ ਪਹਿਲਾਂ ਕੂੜਾ ਪ੍ਰਬੰਧਨ ਦੀ ਫਾਈਲ ਤਿਆਰ ਕਰ ਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੀ ਗਈ ਸੀ, ਪਰ ਸਿਆਸੀ ਦਬਾਅ ਕਾਰਨ ਅਧਿਕਾਰੀ ਇਹ ਫਾਈਲ ਦੱਬ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਬੀਤੇ ਦਿਨੀਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਦਾ ਉਦਘਾਟਨ ਕਰ ਕੇ ਭਾਵੇਂ ਸਿਆਸੀ ਲਾਹਾ ਤਾਂ ਖੱਟ ਲਿਆ ਪਰ ਕੂੜਾ ਪ੍ਰਬੰਧਨ ਦੀ ਫਾਈਲ ਨੂੰ ਕਲੀਅਰ ਕਰਵਾਉਣ ਬਾਰੇ ਕੋਈ ਉਪਰਾਲਾ ਨਹੀਂ ਕਰ ਰਹੇ।
ਜੀਤੀ ਸਿੱਧੂ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ’ਤੇ ਡੰਪਿੰਗ ਗਰਾਊਂਡ ਬੰਦ ਕਰਨ ਨਾਲ ਕੂੜੇ ਦੀ ਸਮੱਸਿਆ ਪੈਦਾ ਹੋਈ ਹੈ। ਆਰਜ਼ੀ ਤੌਰ ’ਤੇ ਆਰਐਮਸੀ ਪੁਆਇੰਟਾਂ ਤੋਂ ਕੂੜਾ ਚੁੱਕਣ ਲਈ ਨਿਗਮ ਨੇ ਇੱਕ ਕੰਪਨੀ ਨੂੰ ਠੇਕਾ ਦਿੱਤਾ ਹੈ ਪਰ ਇਹ ਕੰਪਨੀ 40 ਟਨ ਕੂੜਾ ਹੀ ਰੋਜ਼ਾਨਾ ਚੁੱਕਣ ਦੀ ਸਮਰੱਥਾ ਰੱਖਦੀ ਹੈ ਜਦੋਂਕਿ ਸ਼ਹਿਰ ਵਿੱਚ ਰੋਜ਼ਾਨਾ 70 ਤੋਂ 80 ਟਨ ਕੂੜਾ ਪੈਦਾ ਹੋ ਰਿਹਾ ਹੈ ਪਰ ਇਸ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਸਮੱਸਿਆ ਦੇ ਹੱਲ ਲਈ 100 ਟਨ ਕੂੜਾ ਚੁੱਕਣ ਵਾਲੀ ਕੰਪਨੀ ਨਾਲ ਠੇਕਾ ਕੀਤਾ ਸੀ ਜੋ ਰੋਜ਼ਾਨਾ ਸ਼ਹਿਰ ’ਚੋਂ 100 ਟਨ ਕੂੜਾ ਚੁੱਕਣ ਦੇ ਸਮਰੱਥ ਹੈ ਪ੍ਰੰਤੂ ਸਰਕਾਰ ਮਨਜ਼ੂਰੀ ਤੋਂ ਆਨਾਕਾਨੀ ਕਰ ਰਹੀ ਹੈ। ਮੇਅਰ ਨੇ ਕਿਹਾ ਕਿ ਜੇ ਵਿਧਾਇਕ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਸੁਹਿਰਦ ਹਨ ਤਾਂ ਉਹ ਖ਼ੁਦ ਅੱਗੇ ਹੋ ਕੇ ਫਾਈਲ ਨੂੰ ਕਲੀਅਰ ਕਰਵਾਉਂਦੇ ਤਾਂ ਅੱਜ ਇਹ ਸਮੱਸਿਆ ਪੈਦਾ ਨਾ ਹੁੰਦੀ।