ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 29 ਜੂਨ
ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ’ਚ 10.38 ਫੀਸਦੀ ਵਾਧਾ ਹੋਣ ਦਾ ਵਾਅਦਾ ਕੀਤਾ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਐਤਕੀਂ ਨਵੇਂ ਦਾਖ਼ਲਿਆਂ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਸਿੱਖਿਆ ਖੇਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ 10 ਫ਼ੀਸਦੀ ਤੋਂ ਪਾਰ ਹੋ ਗਏ। ਪਿਛਲੇ ਵਰ੍ਹੇ ਵਿਦਿਆਰਥੀਆਂ ਦੀ ਗਿਣਤੀ 2352112 ਸੀ, ਹੁਣ ਵਧ ਕੇ 2596281 ਹੋ ਗਈ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਦਾਖ਼ਲ ਹੋਏ 244169 ’ਚੋਂ 114773 ਵਿਦਿਆਰਥੀ ਪ੍ਰਾਈਵੇਟ ਸਕੂਲਾਂ ’ਚੋਂ ਆਪਣਾ ਨਾਮ ਕਟਵਾ ਕੇ ਆਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 22.14 ਫੀਸਦੀ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ 34.30 ਦਾ ਸਭ ਤੋਂ ਵਧ ਨਵੇਂ ਦਾਖ਼ਲਿਆਂ ਦਾ ਰਿਕਾਰਡ ਵਾਧਾ ਪ੍ਰੀ-ਪ੍ਰਾਇਮਰੀ ਵਿੱਚ ਹੋਇਆ ਹੈ। ਪਿਛਲੇ ਸਾਲ ਪ੍ਰੀ-ਪ੍ਰਾਇਮਰੀ ਵਿੱਚ 225565 ਬੱਚੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧਕੇ 302937 ਹੋ ਗਈ ਹੈ। ਹਾਇਰ ਸੈਕੰਡਰੀ ਵਿੱਚ 20.12 ਫੀਸਦੀ ਦਾ ਵਾਧਾ ਹੋਇਆ ਹੈ, ਪਿਛਲੇ ਸਾਲ 312534 ਵਿਦਿਆਰਥੀ ਸਨ, ਹੁਣ 375431 ਹੋ ਗਏ ਹਨ। ਪਹਿਲੀ ਤੋਂ ਪੰਜਵੀਂ ਤੱਕ 5.79 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਵਰੇ 848619 ਬੱਚੇ ਸਨ। ਹੁਣ 897754 ਬੱਚੇ ਹਨ। ਛੇਵੀਂ ਤੋਂ ਅੱਠਵੀਂ ਤੱਕ 4.97 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 574234 ਅਤੇ ਹੁਣ ਵਿਦਿਆਰਥੀਆਂ ਦੀ ਗਿਣਤੀ 602787 ਤੱਕ ਪਹੁੰਚ ਗਈ ਹੈ। ਨੌਵੀਂ ਅਤੇ ਦਸਵੀਂ ਦੇ ਨਵੇਂ ਦਾਖ਼ਲਿਆਂ ਵਿੱਚ 6.70 ਫੀਸਦੀ ਵਾਧਾ ਹੋਇਆ ਹੈ। ਜੇਕਰ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਸਮੇਤ ਸੱਤ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਬਠਿੰਡਾ, ਫਿਰੋਜ਼ਪੁਰ, ਤਰਨ ਤਾਰਨ ਨੇ ਨਵੇਂ ਦਾਖ਼ਲਿਆਂ ਦੀ 10.38 ਫੀਸਦੀ ਵਾਧਾ ਦਰ ਨੂੰ ਪਾਰ ਕੀਤਾ ਹੈ। ਮੁਹਾਲੀ ਵਿੱਚ ਸਭ ਤੋਂ ਵੱਧ 22.14 ਫੀਸਦੀ ਵਾਧਾ ਹੋਇਆ ਹੈ। ਫਤਿਹਗੜ੍ਹ ਸਾਹਿਬ 15.78 ਫੀਸਦੀ ਵਾਧੇ ਨਾਲ ਦੂਜਾ ਸਥਾਨ, ਲੁਧਿਆਣਾ 15.28 ਫੀਸਦੀ ਵਾਧੇ ਨਾਲ ਤੀਜਾ ਸਥਾਨ, ਨਵਾਂ ਸ਼ਹਿਰ 13.02 ਫੀਸਦੀ ਨਾਲ ਚੌਥਾ, ਬਠਿੰਡਾ 11.50 ਫੀਸਦੀ ਨਾਲ ਪੰਜਵੇਂ, ਫਿਰੋਜ਼ਪੁਰ 10.87 ਫੀਸਦੀ ਵਾਧੇ ਨਾਲ ਛੇਵੇਂ, ਤਰਨ ਤਾਰਨ 10.47 ਫੀਸਦੀ ਨਾਲ ਸੱਤਵੇਂ ਸਥਾਨ ’ਤੇ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਨਵੇਂ ਦਾਖ਼ਲਿਆਂ ਦੀ ਵਾਧਾ ਦਰ ਵਿੱਚ ਰਿਕਾਰਡ ਵਾਧਾ ਹੋਇਆ ਹੈ।
ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਹਰ ਯਤਨ ਕੀਤੇ: ਡੀਈਓ
ਨਵੇਂ ਦਾਖ਼ਲਿਆਂ ਦੀ ਸੂਚੀ ਵਿੱਚ ਅੱਵਲ ਰਹਿਣ ਵਾਲੇ ਮੁਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਦੀ ਗਿਣਤੀ 84771 ਸੀ, ਜੋ ਹੁਣ ਵਧ ਕੇ 103540 ਤੱਕ ਪਹੁੰਚ ਗਈ ਹੈ। ਇਹ ਗਿਣਤੀ ਹੋਰ ਵਧਣ ਦੇ ਅਸਾਰ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲੇ ਵਧਣ ਦੇ ਰੁਝਾਨ ਪਿੱਛੇ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਜਿਨ੍ਹਾਂ ਨੇ ਕਰੋਨਾ ਸੰਕਟ ਦੌਰਾਨ ਵੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਹਰ ਯਤਨ ਕੀਤੇ ਅਤੇ ਸਮਾਰਟ ਸਿੱਖਿਆ ਨੀਤੀ ਕਾਰਨ ਸਕੂਲਾਂ ਵਿੱਚ ਵਧੇ ਪੜ੍ਹਾਈ ਦੇ ਮਿਆਰ ਨੇ ਵੀ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਭਰੋਸਾ ਜਿੱਤਿਆ ਹੈ।