ਪੱਤਰ ਪ੍ਰੇਰਕ
ਖਰੜ, 4 ਜੁਲਾਈ
ਕੌਮਾਂਤਰੀ ਵਿਦਿਆਰਥੀਆਂ ਲਈ ਭਾਰਤ ਨੂੰ ਪਹਿਲੀ ਪਸੰਦ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ 2024 ਤੱਕ ਪੰਜ ਲੱਖ ਕੌਮਾਂਤਰੀ ਵਿਦਿਆਰਥੀਆਂ ਨੂੰ ਭਾਰਤ ਸਥਿਤ ਉਚੇਰੀ ਸਿੱਖਿਆ ਸੰਸਥਾਵਾਂ ’ਚ ਲਿਆਉਣ ਦਾ ਟੀਚਾ ਮਿੱਥਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਸਿੱਖਿਆ ਤੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਅੱਜ ਇੱਥੇ ਕੀਤਾ। ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕਰਵਾਏ ਗਏ ਕੌਮਾਂਤਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਡਾ. ਰਾਜਕੁਮਾਰ ਰੰਜਨ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਇਆ ਜਾ ਰਿਹਾ ਕੌਮਾਂਤਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਹੀ ਅਰਥਾਂ ਵਿੱਚ ਉਚੇਰੀ ਸਿੱਖਿਆ ਦੇ ਕੌਮਾਂਤਰੀਕਰਨ ਨੂੰ ਲਾਗੂ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ 30 ਤੋਂ ਵੱਧ ਦੇਸ਼ਾਂ ਵਿੱਚ 75 ਯੂਨੀਵਰਸਿਟੀਆਂ ਦੇ 100 ਤੋਂ ਵੱਧ ਪ੍ਰੋਫੈ਼ਸਰਾਂ ਨਾਲ ਹੋਣ ਵਾਲਾ ਇਹ ਪ੍ਰੋਗਰਾਮ ਅਧਿਆਪਕਾਂ ਲਈ ਵਧੀਆ ਮੌਕਾ ਹੈ। ਇਸ ਮੌਕੇ ਕੇਂਦਰੀ ਸਿੱਖਿਆ ਰਾਜ ਮੰਤਰੀ ਨੇ ਉੱਭਰਦੀਆਂ ਤਕਨੀਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।