ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 13 ਨਵੰਬਰ
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਹਫ਼ਤੇ ਨੂੰ ਸਮਰਪਿਤ ‘21ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਕੌਮਾਂਤਰੀ ਪ੍ਰਸੰਗ’ ਵਿਸ਼ੇ ’ਤੇ ਕੌਮਾਂਤਰੀ ਵੈਬਿਨਾਰ ਕਰਵਾਇਆ ਗਿਆ। ਵੈਬਿਨਾਰ ਦੌਰਾਨ ਉਦਘਾਟਨੀ ਭਾਸ਼ਣ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਦਿੱਤਾ, ਜਦਕਿ ਪ੍ਰਧਾਨਗੀ ਭਾਸ਼ਣ ਔਕਸਫੋਰਡ ਬਰੁਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਪ੍ਰੀਤਮ ਸਿੰਘ ਨੇ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਚਿਰੰਜੀਵ ਕੌਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪੂਰੀ ਦੁਨੀਆਂ ਵਿੱਚ ਮਕਬੂਲ ਹੈ ਅਤੇ ਮਾਂ-ਬੋਲੀ ਨੂੰ ਸਤਿਕਾਰ ਦੇਣਾ ਸਾਡਾ ਫਰਜ਼ ਹੈ।
ਇਸ ਮੌਕੇ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਦੀ ਤਰਜੀਹ ’ਤੇ ਹੋਰ ਭਾਸ਼ਾਵਾਂ ਨੂੰ ਮਾਨਤਾ ਦੇਣਾ ਗਲਤ ਹੈ। ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਸਰਕਾਰ ਦੀ ਨੀਤੀ ਸਪੱਸ਼ਟ ਹੋਣੀ ਚਾਹੀਦੀ ਹੈ। ਡਾ. ਜੋਗਾ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪੰਜਾਬੀ ਭਾਸ਼ਾ ਦੀਆਂ ਬਰੀਕੀਆਂ ਬਾਰੇ ਚਾਨਣਾ ਪਾਇਆ। ਜਪਾਨ ਦੇ ਸ਼ਹਿਰ ਉਸਾਕਾ ਵਿੱਚ ਵਸਦੇ ਸ਼੍ਰੋਮਣੀ ਸਾਹਿਤਕਾਰ ਪਰਮਿੰਦਰ ਸੋਢੀ ਨੇ ਵਿਸ਼ੇਸ਼ ਭਾਸ਼ਣ ਵਿੱਚ ਆਸ ਜਤਾਈ ਕਿ ਪੰਜਾਬੀ ਸਭਿਆਚਾਰ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਧ ਫੁਲ ਰਿਹਾ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਗੁਜਰਾਲ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਘਣਸ਼ਾਮ ਸਿੰਘ ਭੁੱਲਰ ਨੇ ਕਿਹਾ ਕਿ ਮਾਂ-ਬੋਲੀ ਸਾਡੀਆਂ ਜੜ੍ਹਾਂ ਨੂੰ ਪਰਪੱਕ ਕਰਦੀ ਹੈ। ਡਾ. ਪ੍ਰੀਤਮ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਜੇਕਰ ਪੰਜਾਬੀ ਭਾਸ਼ਾ ਦਾ ਪੱਧਰ ਕੁਝ ਪੱਖਾਂ ਤੋਂ ਥੱਲੇ ਜਾ ਰਿਹਾ ਹੈ ਤਾਂ ਵਿਸ਼ਵ ਵਿੱਚ ਪੰਜਾਬੀ ਭਾਸ਼ਾ ਬੁਲੰਦੀਆਂ ਵੱਲ ਵੀ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਬਾਰੇ ਆਪਣੀ ਖੋਜ ਅਤੇ ਅੰਕੜਿਆਂ ਦੇ ਆਧਾਰ ਉੱਪਰ ਪੰਜਾਬੀ ਦੇ ਵਿਸ਼ਵ ਵਿੱਚ ਪਾਸਾਰ ਬਾਰੇ ਵਡਮੁੱਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਦਾ ਸੰਕਟ ਸਿੱਖਿਆ ਦੇ ਨਿੱਜੀਕਰਨ ਅਤੇ ਪ੍ਰਾਈਵੇਟ ਸੰਸਥਾਵਾਂ ਦੀ ਬਹੁਤਾਤ ਕਾਰਨ ਵਧ ਰਿਹਾ ਹੈ।