ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 13 ਮਈ
ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਪਿੰਡ ਰਸੂਲਪੁਰ ਵਿੱਚ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਕਰਵਾਇਆ। ਜ਼ਿਕਰਯੋਗ ਹੈ ਕਿ ਪੰਦਰਾਂ ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਇਸ ਟਿਊਬਵੈੱਲ ਨਾਲ ਪਿੰਡ ਰਸੂਲਪੁਰ, ਢੋਡੇਮਾਜਰਾ ਤੇ ਸਲਾਮਤਪੁਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਮਿਲੇਗਾ। ਵਿਧਾਇਕਾ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
ਕੁਰਾਲੀ (ਪੱਤਰ ਪ੍ਰੇਰਕ): ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਬੰਦਨਾ ਪੁਰੀ ਦੀ ਦੇਖ ਰੇਖ ਹੇਠ ਰੋਟਰੀ ਕਲੱਬ ਚੰਡੀਗੜ੍ਹ (ਸੈਂਟਰਲ) ਵਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਦਸ ਸਰਕਾਰੀ ਸਕੂਲਾਂ ਨੂੰ ਵਾਟਰ ਕੂਲਰ ਤੇ ਆਰਓ ਸਿਸਟਮ ਤਕਸੀਮ ਕਰਨ ਲਈ ਕਰਵਾਏ ਸਮਾਗਮ ਦੌਰਾਨ ਵਿਧਾਇਕਾ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਕੇ ਚਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਹੀ ਸਿੱਖਿਆ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।
ਵਿਧਾਇਕਾ ਵੱਲੋਂ ਸ਼ੈਲਟਰ ਸੰਸਥਾ ਦਾ ਦੌਰਾ
ਖਰੜ (ਪੱਤਰ ਪ੍ਰੇਰਕ): ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਸਥਿਤ ‘ਸ਼ੈਲਟਰ ਸੰਸਥਾ’ ਦਾ ਦੌਰਾ ਕੀਤਾ। ਇਸ ਦੌਰਾਨ ਸ਼ੈਲਟਰ ਸੰਸਥਾ ਦੀ ਚੇਅਰਪਰਸਨ ਸਤਿੰਦਰ ਸੱਤੀ ਅਤੇ ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਨੇ ਵਿਧਾਇਕਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੀਟਿੰਗ ਵਿੱਚ ਵਿਧਾਇਕਾ ਨੇ ਸੰਸਥਾ ਵਿਖੇ ਚੱਲ ਰਿਹੇ ਸਵੇ-ਰੁਜ਼ਗਾਰ ਅਤੇ ਤਕਨੀਕੀ ਸਿੱਖਿਆ ਵਲੋਂ ਚਲਾਏ ਜਾ ਰਹੇ ਕਿੱਤਾ ਮੁਖੀ ਕੋਰਸਾਂ ਦੀ ਸ਼ਲਾਘਾ ਕੀਤੀ।