ਹਰਦੇਵ ਚੌਹਾਨ
ਚੰਡੀਗੜ੍ਹ, 11 ਅਕਤੂਬਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇਕ ਹੰਗਾਮੀ ਸੈਮੀਨਾਰ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਚੰਡੀਗੜ੍ਹ ਵਿਖੇ ਕੀਤਾ ਗਿਆ, ਜਿਸ ਵਿਚ ਜਿੱਥੇ ਕਿਸਾਨ, ਸਮਾਜ ਤੇ ਦੇਸ਼ ਵਿਰੋਧੀ ਨਵੇਂ ਆਏ ਤਿੰਨ ਖੇਤੀ ਕਾਨੂੰਨਾਂ ਦੀਆਂ ਪਰਤਾਂ ਪੱਤਰਕਾਰ ਹਮੀਰ ਸਿੰਘ ਹੁਰਾਂ ਨੇ ਫਰੋਲੀਆਂ ਉਥੇ ਹੀ ਇਸ ਸਮਾਗਮ ਦੌਰਾਨ ਸਿਮਰਜੀਤ ਕੌਰ ਗਰੇਵਾਲ ਦੀ ਕਿਤਾਬ ‘ਸੱਧਰਾਂ’ ਅਤੇ ਗੁਰਨਾਮ ਕੰਵਰ ਹੁਰਾਂ ਦੀ ਕਿਤਾਬ ‘ਚਾਸ਼ਨੀ’ ਨੂੰ ਮਨਮੋਹਨ ਸਿੰਘ ਦਾਊਂ ਅਤੇ ਪ੍ਰਧਾਨ ਬਲਕਾਰ ਸਿੱਧੂ ਦੀ ਅਗਵਾਈ ਹੇਠ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ।
ਕਿਤਾਬ ਸੱਧਰਾਂ ‘ਤੇ ਸਿਰੀਰਾਮ ਅਰਸ਼ ਅਤੇ ਮਲਕੀਅਤ ਬਸਰਾ ਨੇ ਚਰਚਾ ਕਰਦਿਆਂ ਗਰੇਵਾਲ ਦੀਆਂ ਲਿਖਤਾਂ ਨੂੰ ਪਰਿਵਾਰਕ ਸਾਂਝ ਤੇ ਹਾਅ ਦਾ ਨਾਅਰਾ ਮਾਰਨ ਵਾਲੀ ਲਿਖਤ ਦੱਸਦਿਆਂ ਕਿਤਾਬ ਨੂੰ ਇਕ ਲਾਇਬਰੇਰੀ ਕਰਾਰ ਦਿੱਤਾ। ਸਿਮਰਜੀਤ ਗਰੇਵਾਲ ਨੇ ਆਖਿਆ ਕਿ ਮੈਨੂੰ ਜਿੱਥੇ ਵੀ ਕਿਤੇ ਝੂਠ ਨਜ਼ਰ ਆਉਂਦਾ ਹੈ, ਨਫ਼ਰਤ ਦਿਖਦੀ ਹੈ, ਤਦ ਮੇਰੀ ਕਲਮ ਕਵਿਤਾ ਲਿਖਦੀ ਹੈ। ਇਸੇ ਸਮਾਗਮ ਵਿਚ ਇਨਕਲਾਬੀ ਕਵੀ ਗੁਰਨਾਮ ਕੰਵਰ ਹੁਰਾਂ ਦੀ ਕਿਤਾਬ ‘ਚਾਸ਼ਨੀ’ ‘ਤੇ ਜਿੱਥੇ ਮਨਜੀਤ ਕੌਰ ਮੀਤ ਹੁਰਾਂ ਨੇ ਦਿਲ ਨੂੰ ਟੁੰਬਣ ਵਾਲਾ ਪਰਚਾ ਪੜ੍ਹਿਆ, ਉਥੇ ਹੀ ਬਲਕਾਰ ਸਿੱਧੂ ਨੇ ਕੰਵਰ ਹੁਰਾਂ ਦੀ ਕਿਤਾਬ ‘ਚੋਂ ਇਕ ਗੀਤ ਪੇਸ਼ ਕੀਤਾ। ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਹੁਰਾਂ ਨੇ ਆਖਿਆ ਕਿ ਗੁਰਨਾਮ ਕੰਵਰ ਲੋਕਾਂ ਦਾ ਸ਼ਾਇਰ ਹੈ। ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਗੁਰਨਾਮ ਕੰਵਰ ਨੇ ਕਿਹਾ, ‘ਮੈਂ ਆਪਣੇ ਦਿਲ ਦੀ ਸੁਣਦਾ ਹਾਂ ਤੇ ਮਨ ਆਈ ਲਿਖਦਾ ਹਾਂ’। ਪੱਤਰਕਾਰ ਹਮੀਰ ਸਿੰਘ ਨੇ ਨਵੇਂ ਆਏ ਤਿੰਨੋਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪੂਰੀ ਕਹਾਣੀ ਸਾਹਮਣੇ ਰੱਖੀ ਕਿ ਕਿੰਝ ਇਹ ਖੇਤੀ ਕਾਨੂੰਨ ਇਕੱਲੇ ਕਿਸਾਨ ਨਹੀਂ ਬਲਕਿ ਸਮਾਜ ਤੇ ਦੇਸ਼ ਵਿਰੋਧੀ ਵੀ ਹਨ। ਸਭਾ ਵੱਲੋਂ ਹਾਥਰਸ ਘਟਨਾ ਦੀ ਨਿੰਦਾ ਤੇ ਸਰਕਾਰ ਤੇ ਪ੍ਰਸ਼ਾਸਨ ਦੀ ਘਟੀਆ ਕਾਰਵਾਈ ਦੇ ਵਿਰੁੱਧ ਮਤਾ ਬੀਬੀ ਸੁਰਜੀਤ ਕੌਰ ਕਾਲੜਾ ਵੱਲੋਂ ਪੇਸ਼ ਕੀਤਾ ਗਿਆ ਤੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਮਤਾ ਭੁਪਿੰਦਰ ਸਿੰਘ ਮਲਿਕ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਸਭਾ ਵਿਚ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ।