ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ
ਕਰੋਨਾਵਾਇਰਸ ਕਰ ਕੇ ਪੌਣੇ ਦੋ ਸਾਲਾਂ ਤੋਂ ਜੀਐੱਸਟੀ ਦੀ ਮਾਰ ਝੱਲ ਰਹੇ ਚੰਡੀਗੜ੍ਹ ’ਚ ਜੀਐੱਸਟੀ ਦੀ ਦਰ ਮੁੜ ਲੀਹ ’ਤੇ ਆਉਣੀ ਸ਼ੁਰੂ ਹੋ ਗਈ ਹੈ। ਜਿਥੇ ਨਵੰਬਰ 2021 ਵਿੱਚ ਪਿਛਲੇ ਸਾਲ ਨਵੰਬਰ ਮਹੀਨੇ ਦੇ ਮੁਕਾਬਲੇ 27 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਕਰ ਅਤੇ ਆਬਕਾਰੀ ਵਿਭਾਗ ਅਨੁਸਾਰ ਨਵੰਬਰ 2021 ਮਹੀਨੇ ’ਚ 180 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਕੀਤੇ ਗਏ ਹਨ ਜਦੋਂਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ 141 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਤੋਂ ਪਹਿਲਾਂ ਅਕਤੂਬਰ 2021 ’ਚ 4 ਫ਼ੀਸਦ ਅਤੇ ਸਤੰਬਰ 2021 ’ਚ ਵੀ ਪਿਛਲੇ ਸਾਲ ਦੇ ਮੁਕਾਬਲੇ 8 ਫ਼ੀਸਦ ਜੀਐੱਸਟੀ ਵੱਧ ਆਇਆ ਸੀ। ਇਸ ਸਾਲ ਅਕਤੂਬਰ ਮਹੀਨੇ ’ਚ 158 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਹੈ ਜਦੋਂਕਿ ਪਿਛਲੇ ਸਾਲ ਅਕਤੂਬਰ 2020 ’ਚ 152 ਕਰੋੜ ਰੁਪਏ ਇਕੱਠਾ ਹੋਇਆ ਸੀ।