ਆਤਿਸ਼ ਗੁਪਤਾ
ਚੰਡੀਗੜ੍ਹ, 1 ਅਪਰੈਲ
ਕਰੋਨਾਵਾਇਰਸ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਜੀਐੱਸਟੀ ਦੀ ਮਾਰ ਝੱਲ ਰਿਹਾ ਚੰਡੀਗੜ੍ਹ ਦੋ ਮਹੀਨੇ ਬਾਅਦ ਮੁੜ ਸੰਭਲਿਆ ਹੈ ਜਿੱਥੇ ਪਿਛਲੇ ਸਾਲ ਮਾਰਚ ਮਹੀਨੇ ਦੇ ਮੁਕਾਬਲੇ 8 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਕਰ ਅਤੇ ਆਬਕਾਰੀ ਵਿਭਾਗ ਅਨੁਸਾਰ ਮਾਰਚ 2021 ਮਹੀਨੇ ਵਿੱਚ 165.27 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਮਾਰਚ ਮਹੀਨੇ ਵਿੱਚ 153.26 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਸਾਲ ਮਾਰਚ ਮਹੀਨੇ ਵਿੱਚ ਪੰਜਾਬ ਵਿੱਚ 15 ਫ਼ੀਸਦ ਅਤੇ ਹਰਿਆਣਾ ਵਿੱਚ 17 ਫ਼ੀਸਦ ਵਧ ਜੀਐੱਸਟੀ ਇਕੱਠਾ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ’ਚ ਸਾਲ 2020 ਦੇ ਮਾਰਚ ਮਹੀਨੇ ਵਿੱਚ ਦੇਸ਼ ਵਿੱਚ ਕਰੋਨਾਵਾਇਰਸ ਦੇ ਪਸਾਰ ਕਾਰਨ ਮਹੀਨੇ ਦੇ ਅਖੀਰ ਵਿੱਚ ਤਾਲਾਬੰਦੀ ਹੋ ਗਈ ਸ। ਜਿਸ ਕਰਕੇ 10 ਦਿਨ ਵਿੱਤੀ ਤੌਰ ’ਤੇ ਬਹੁਤ ਔਖਾ ਸਮਾਂ ਰਿਹਾ ਹੈ। ਉਸੇ ਤਰ੍ਹਾਂ ਇਸ ਸਾਲ ਮੁੜ ਮਾਰਚ ਮਹੀਨੇ ਵਿੱਚ ਕਰੋਨਾਵਾਇਰਸ ਦੇ ਕੇਸ ਵਧਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਰਿਹਾ ਹੈ। ਪਰ ਇਸ ਸਾਲ ਜੀਐੱਸਟੀ ਪਿਛਲੇ ਸਾਲ ਨਾਲੋਂ 12 ਕਰੋੜ ਰੁਪਏ ਵਧ ਇਕੱਠਾ ਹੋਇਆ ਹੈ।
ਗੌਰਤਲਬ ਹੈ ਕਿ ਫਰਵਰੀ ਮਹੀਨੇ ਵਿੱਚ ਦਸੰਬਰ ਨਾਲੋਂ 10 ਕਰੋੜ ਰੁਪਏ ਘੱਟ ਜੀਐੱਸਟੀ ਦੇ ਇਕੱਠੇ ਹੋਏ ਸਨ ਜਦਕਿ ਮਾਰਚ 2021 ਵਿੱਚ ਵਾਧਾ ਦਰਜ ਕੀਤਾ ਹੈ। ਵਿਭਾਗ ਅਨੁਸਾਰ ਫਰਵਰੀ ਮਹੀਨੇ ਵਿੱਚ 148.5 ਕਰੋੜ ਰੁਪਏ, ਦਸੰਬਰ ਮਹੀਨੇ ਵਿੱਚ 141.48 ਕਰੋੜ ਇਕੱਠੇ ਕੀਤੇ ਗਏ ਹਨ। ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਰੋਨਾਵਾਇਰਸ ਕਰਕੇ ਜੀਐੱਸਟੀ ਮੁੜ ਪਹਿਲਾਂ ਵਾਂਗ ਇਕੱਠਾ ਹੋਣਾ ਸ਼ੁਰੂ ਹੋਇਆ ਹੈ। ਪਰ ਕਰੋਨਾਵਾਇਰਸ ਦੇ ਕੇਸ ਵਧਣ ਕਰਕੇ ਮੁੜ ਸ਼ਹਿਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।