ਪੱਤਰ ਪ੍ਰੇਰਕ
ਚੰਡੀਗੜ੍ਹ, 13 ਅਗਸਤ
ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਬਲਾਚੌਰ ਦੇ ਗੈਸਟ ਫੈਕਲਟੀ ਅਤੇ ਟੈਂਪਰੇਰੀ ਸਹਾਇਕ ਪ੍ਰੋਫੈਸਰਾਂ ਵੱਲੋਂ ਅੱਜ ਇੱਥੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਗੈਸਟ ਫੈਕਲਟੀ ਅਧਿਆਪਕਾਂ ਮਨਪ੍ਰੀਤ ਸਿੰਘ ਤੇ ਬਲਵਿੰਦਰ ਸਿਘ ਨੇ ਕਿਹਾ ਕਿ ਬਾਬਾ ਬਲਰਾਜ ਕਾਲਜ ਦੇ ਪ੍ਰਿੰਸੀਪਲ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਵਿਤਕਰੇ ਵਾਲਾ ਵਿਹਾਰ ਕਰਦਿਆਂ ਅਧਿਆਪਕਾਂ ਨੂੰ ਸੈਸ਼ਨ ਸ਼ੁਰੂ ਹੋਣ ਦੇ ਬਾਵਜੂਦ ਜੁਆਇਨ ਨਹੀਂ ਕਰਵਾਇਆ ਗਿਆ ਹੈ ਜਦੋਂ ਕਿ ਪਹਿਲਾਂ ਤੋਂ ਚੱਲ ਰਹੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਤੇ ਅਮਲਾ ਸ਼ਾਖਾ ਨੇ ਯੂਜੀਸੀ ਤੇ ਸਿੰਡੀਕੇਟ ਦੇ ਫ਼ੈਸਲਿਆਂ ਦੀ ਪ੍ਰਵਾਹ ਨਾ ਕਰਦਿਆਂ ਅਧਿਆਪਕਾਂ ਦੇ ਕੰਮ ਦੇ ਮਹੀਨੇ ਘਟਾ ਦਿੱਤੇ ਹਨ, ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ ਤੇ ਸਿੰਡੀਕੇਟ ਵੱਲੋਂ ਕੀਤੇ ਫੈਸਲੇ ਅਨੁਸਾਰ ਨਿਸ਼ਚਿਤ ਕੀਤੀ ਤਨਖ਼ਾਹ ਵੀ ਪੂਰੀ ਨਹੀਂ ਦਿੱਤੀ ਜਾਂਦੀ। ਪ੍ਰਿੰਸੀਪਲ ਦੇ ਅਜਿਹੇ ਵਿਵਹਾਰ ਕਾਰਨ ਗੈਸਟ ਫੈਕਲਟੀ ਅਧਿਆਪਕ ਅਸਲ ਵਿੱਚ ਕਾਲਜ ਅੰਦਰ ਦਿਹਾੜੀਦਾਰ ਕਾਮੇ ਬਣ ਕੇ ਰਹਿ ਗਏ ਹਨ। ਸ਼ੈਸ਼ਨ ਲਈ ਰੱਖੇ ਜਾਂਦੇ ਅਧਿਆਪਕਾਂ ਨੂੰ ਮਨਮਰਜ਼ੀ ਨਾਲ ਸਮੈਸਟਰ ’ਤੇ ਕਰ ਦਿੱਤਾ ਗਿਆ ਹੈ।
ਆਰਜ਼ੀ ਅਧਿਆਪਕਾਂ ਹਰੀ ਨਾਥ ਤੇ ਦੀਪਕ ਕੁਮਾਰ ਨੇ ਦੱਸਿਆ ਕਿ ਲਗਪਗ ਦਹਾਕੇ ਭਰ ਤੋਂ ਚੱਲਦੀ ਆ ਰਹੀ ਰਵਾਇਤ ਨੂੰ ਤੋੜ ਕੇ ਪ੍ਰਿੰਸੀਪਲ ਵੱਲੋਂ ਟੈਂਪਰੇਰੀ ਅਧਿਆਪਕਾਂ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਗਿਆ ਹੈ।
ਧਰਨੇ ਵਿਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੀਐੱਸਯੂ (ਲਲਕਾਰ) ਤੋਂ ਅਮਨ ਅਤੇ ਐੱਸਐੱਫਐੱਸ ਤੋਂ ਸੰਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਸਮੈਸਟਰ ਦੌਰਾਨ ਵੀ ਗੈਸਟ ਫੈਕਲਟੀ ਅਧਿਆਪਕਾਂ ਨੂੰ 22 ਦਿਨ ਦੇਰੀ ਨਾਲ ਜੁਆਇਨ ਕਰਵਾਇਆ ਗਿਆ ਅਤੇ ਯੂਨੀਵਰਸਿਟੀ ਅਕਾਦਮਿਕ ਕੈਲੰਡਰ ਅਨੁਸਾਰ ਨਿਸ਼ਚਿਤ 81 ਦਿਨਾਂ ਦੀ ਬਜਾਇ ਵਿਦਿਆਰਥੀਆਂ ਨੂੰ 59 ਦਿਨ ਪੜ੍ਹਾਇਆ ਗਿਆ। ਇਸ ਦੌਰਾਨ ਅਧਿਆਪਕਾਂ ਦੇ ਵਫ਼ਦ ਨਾਲ ਰਜਿਸਟਰਾਰ, ਪੰਜਾਬ ਯੂਨੀਵਰਸਿਟੀ ਵੱਲੋਂ ਗੱਲਬਾਤ ਕੀਤੀ ਗਈ ਤੇ ਇਸ ਪੂਰੇ ਮਾਮਲੇ ਦੀ ਜਾਂਚ ਸਬੰਧੀ ਕਮੇਟੀ ਬਣਾਉਣ ਦਾ ਵਾਅਦਾ ਕਰਦਿਆਂ ਮੰਗ ਪੱਤਰ ਵਾਈਸ ਚਾਂਸਲਰ ਨੂੰ ਭੇਜਣ ਦਾ ਭਰੋਸਾ ਦਿਵਾਇਆ ਗਿਆ।