ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 22 ਅਗਸਤ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਵਿੱਚ ਲੋਕਾਂ ਦੀ ਸੁਵਿਧਾ ਲਈ ਵੱਖ-ਵੱਖ ਮਾਰਕੀਟਾਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਏ ਗਏ ਗਾਈਡ ਮੈਪ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਹਨ ਕਿਉਂਕਿ ਜ਼ਿਆਦਾਤਰ ਗਾਈਡ ਮੈਪ ਟੁੱਟੇ ਹੋਏ ਹਨ ਅਤੇ ਅਜਿਹੇ ਕਾਫ਼ੀ ਬੋਰਡਾਂ ਨੂੰ ਜੰਗ ਵੀ ਲੱਗੀ ਹੋਈ ਹੈ। ਇਹੀ ਨਹੀਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਉੱਤੇ ਇਸ਼ਤਿਹਾਰੀ ਪਰਚੇ ਵੀ ਚਿਪਕੇ ਹੋਏ ਹਨ, ਜਿਸ ਕਰ ਕੇ ਇਹ ਲੋਕਾਂ ਲਈ ਬੇਮਾਇਨਾ ਸਾਬਿਤ ਹੋ ਰਹੇ ਹਨ।
ਇੱਥੋਂ ਦੇ ਵਾਰਡ ਨੰਬਰ-29 ਤੋਂ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ-69 ਵਿੱਚ ਨਵੇਂ ਦਿਸ਼ਾ ਬੋਰਡ (ਗਾਈਡ ਮੈਪ) ਲਗਾਏ ਜਾਣ ਤਾਂ ਜੋ ਬਾਹਰੋਂ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਸਬੰਧਤ ਇਲਾਕੇ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਗਮਾਡਾ ਵੱਲੋਂ ਸੈਕਟਰ-69 ਸਮੇਤ ਹੋਰਨਾਂ ਥਾਵਾਂ ’ਤੇ ਲਗਾਏ ਗਏ ਮੈਪ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ। ਕਈ ਥਾਵਾਂ ’ਤੇ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਇਹ ਬੋਰਡ ਉੱਖੜ ਕੇ ਜ਼ਮੀਨ ’ਤੇ ਡਿੱਗੇ ਹੋਏ ਹਨ, ਇਸ ਕਰ ਕੇ ਜਦੋਂ ਕੋਈ ਵਿਅਕਤੀ ਬਾਹਰੋਂ ਆਉਂਦਾ ਹੈ ਤਾਂ ਉਸ ਨੂੰ ਆਪਣੀ ਮੰਜ਼ਿਲ ’ਤੇ ਲੱਭਣ ’ਚ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ। ਜਿਸ ਬੋਰਡ ਉੱਤੇ ਸੈਕਟਰ-69 ਦਾ ਨਕਸ਼ਾ ਬਣਿਆ ਹੋਇਆ ਹੈ, ਉਹ ਬੋਰਡ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ।
ਬੀਬੀ ਧਨੋਆ ਨੇ ਪੱਤਰ ਵਿੱਚ ਲਿਖਿਆ ਹੈ ਕਿ ਇੱਥੋਂ ਦੇ ਮਕਾਨ ਨੰਬਰ-57 ਨੇੜੇ ਦਿਸ਼ਾ ਸੂਚਕ ਬੋਰਡ ਖਸਤਾ ਹਾਲਤ ਵਿੱਚ ਖੜ੍ਹਾ ਹੈ ਜਦੋਂਕਿ ਮਕਾਨ ਨੰਬਰ-655 ਦੇ ਬਾਹਰ ਲੱਗਿਆ ਬੋਰਡ ਪਿਛਲੇ ਕਰੀਬ ਡੇਢ ਸਾਲ ਤੋਂ ਜ਼ਮੀਨ ’ਤੇ ਡਿੱਗਿਆ ਪਿਆ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਥਾਵਾਂ ਉੱਤੇ ਵੀ ਇਨ੍ਹਾਂ ਦਿਸ਼ਾ ਸੂਚਕ ਬੋਰਡਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਬੋਰਡ ਤੁਰੰਤ ਠੀਕ ਹੋਣੇ ਚਾਹੀਦੇ ਹਨ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਆਮ ਲੋਕਾਂ ਦੀ ਸੁਵਿਧਾ ਲਈ ਇਨ੍ਹਾਂ ਖ਼ਰਾਬ ਹੋ ਚੁੱਕੇ ਦਿਸ਼ਾ ਸੂਚਕ ਬੋਰਡਾਂ ਦੀ ਥਾਂ ਨਵੇਂ ਬੋਰਡ ਲਗਾਏ ਜਾਣ ਅਤੇ ਇਸ ਸਬੰਧੀ ਫੀਲਡ ਸਟਾਫ਼ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਗਾਈਡ ਮੈਪਾਂ ਉੱਤੇ ਪੀਜੀ ਜਾਂ ਹੋਰ ਕਿਸਮ ਦੇ ਇਸ਼ਤਿਹਾਰੀ ਪਰਚੇ ਲਾਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਵੇ।