ਹਰਜੀਤ ਸਿੰਘ
ਡੇਰਾਬੱਸੀ, 26 ਜੂਨ
ਹੈਬਤਪੁਰ ਸੜਕ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਸੁਸਾਇਟੀ ਵਿੱਚ ਅੱਜ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੁਸਾਇਟੀ ਵਾਸੀਆਂ ਨੇ ਸ੍ਰੀ ਰੰਧਾਵਾ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸੁਸਾਇਟੀ ਵਿੱਚ ਪਾਣੀ ਦੀ ਸਪਲਾਈ ਲਈ ਲਾਇਆ ਗਿਆ ਟਿਊਬਵੈੱਲ 350 ਫੁੱਟ ਡੂੰਘਾ ਹੈ, ਜਦਕਿ ਪਾਣੀ ਦਾ ਪੱਧਰ ਕਾਫੀ ਨੀਵਾਂ ਹੋਣ ਕਾਰਨ ਪਾਣੀ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਇਥੇ ਨਵਾਂ ਟਿਊਬਵੈੱਲ ਲਾਉਣ ਦੀ ਲੋੜ ਹੈ। ਸੁਸਾਇਟੀ ਤੱਕ ਗੈਸ ਸਪਲਾਈ ਲਈ ਪਾਈਪਲਾਈਨ ਵਿਛਾਉਣ ਦੀ ਮੰਗ ਕੀਤੀ ਗਈ। ਸੁਸਾਇਟੀ ਦੀ ਅੰਦਰੂਨੀ ਅਤੇ ਬਾਹਰਲੀ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟ ਲਾਉਣ, ਖੇਤਰ ਵਿੱਚ ਸਨਅਤਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸੁਸਾਇਟੀ ਵਾਸੀਆਂ ਨੇ ਹੈਬਤਪੁਰ ਸੜਕ ’ਤੇ ਫੈਲੀ ਗੰਦਗੀ ਤੋਂ ਨਿਜਾਤ ਦਿਵਾਉਣ ਲਈ ਰੋਜ਼ਾਨਾ ਸਫ਼ਾਈ ਕਰਵਾਉਣ ਅਤੇ ਇਸ ਸੜਕ ’ਤੇ ਸ਼ਾਮ ਵੇਲੇ ਲੱਗਣ ਵਾਲੇ ਲਾਵਾਰਿਸ ਪਸ਼ੂਆਂ ਦੇ ਝੁੰਡ ਤੋਂ ਰਾਹਤ ਦਿਵਾਉਣ, ਸੜਕ ’ਤੇ ਰਾਤ ਵੇਲੇ ਵਧ ਰਹੇ ਅਪਰਾਧਿਕ ਘਟਨਾਵਾਂ ਨੂੰ ਦੇਖਦਿਆਂ ਪੁਲੀਸ ਗਸ਼ਤ ਨੂੰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਸ੍ਰੀ ਰੰਧਾਵਾ ਨੇ ਸੁਸਾਇਟੀ ਵਾਸੀਆਂ ਨੂੰ ਛੇਤੀ ਇਨ੍ਹਾਂ ਸਾਰੀ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਛੇਤੀ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਇਥੇ ਮੀਟਿੰਗ ਕਰਕੇ ਤੁਰੰਤ ਸਾਰੇ ਕੰਮ ਕਰਵਾਏ ਜਾਣਗੇ।