ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 20 ਨਵੰਬਰ
ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 29ਵਾਂ ਦੰਗਲ ਕਰਵਾਇਆ ਗਿਆ। ਦੰਗਲ ਵਿੱਚ ਪੰਜਾਬ, ਹਰਿਆਣਾ, ਯੂ.ਪੀ. ਅਤੇ ਦਿੱਲੀ ਦੇ ਅਖਾੜਿਆਂ ਦੇ 400 ਤੋਂ ਵੱਧ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਿਕ ਦੰਗਲ ਵਿੱਚ 155 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ। ਇੱਕ ਲੱਖ ਵੀਹ ਹਜ਼ਾਰ ਦੀ ਇਨਾਮੀ ਰਾਸ਼ੀ ਵਾਲੀ ਪਹਿਲੀ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਬੇਹੱਦ ਫਸਵੀਂ ਰਹੀ। 30 ਮਿੰਟ ਚੱਲੀ ਇਹ ਕੁਸ਼ਤੀ ਬਰਾਬਰ ਰਹੀ। 40 ਹਜ਼ਾਰ ਦੇ ਇਨਾਮ ਵਾਲੀ ਦੂਜੀ ਝੰਡੀ ਦੀ ਕੁਸ਼ਤੀ ਮਲਕ ਅਕੈਡਮੀ ਪਟਿਆਲਾ ਦੇ ਸੁਕੇਸ਼ ਅਤੇ ਕਾਲੂ ਬਾਹੜੋਵਾਲ ਵਿਚਾਲੇ ਹੋਈ, ਜਿਸ ਵਿੱਚ ਕਾਲੂ ਨੇ ਜਿੱਤ ਦਰਜ ਕੀਤੀ। ਇਸ ਮੌਕੇ ਇੱਕ ਪਹਿਲਵਾਨ ਨੇ ਢਾਈ ਕੁਇੰਟਲ ਦੀ ਮਿੱਟੀ ਦੀ ਬੋਰੀ ਨੂੰ ਪਿੱਠ ’ਤੇ ਚੁੱਕ ਕੇ ਪਿੜ ਦਾ ਗੇੜਾ ਦਿੱਤਾ। ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥ ਜੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਬੂਟਾ ਸਿੰਘ, ਜਥੇਦਾਰ ਮਾਨ ਸਿੰਘ ਸੋਹਾਣਾ, ਪਰਵਿੰਦਰ ਸਿੰਘ ਸੋਹਾਣਾ, ਦਵਿੰਦਰ ਬੌਬੀ, ਹਰਜੀਤ ਭੋਲੂ, ਗੱਗਾ (ਸਾਬਕਾ ਸਰਪੰਚ), ਸੁਭਾਸ਼ ਸ਼ਰਮਾ ਨੇ ਕਰਵਾਈ। ਰੈਫਰੀ ਦੀ ਸੇਵਾ ਰਾਜਾ ਚੰਡੀਗੜ੍ਹ, ਤਿੱਤਰ ਸੋਹਾਣਾ, ਦੀਪਾ ਬਾਬਾ ਫਲਾਈ ਨੇ ਬਾਖੂਬੀ ਨਿਭਾਈ। ਇਸ ਦੰਗਲ ਵਿੱਚ ਇਲਾਕੇ ਦੇ ਪਹਿਲਵਾਨਾਂ ਅਤੇ ਸਾਰੇ ਅਖਾੜਿਆਂ ਦੇ ਕੋਚਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।