ਆਤਿਸ਼ ਗੁਪਤਾ
ਚੰਡੀਗੜ੍ਹ, 27 ਫਰਵਰੀ
ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਸੈਕਟਰ-30 ਏ ਵਿੱਚ ਸਥਿਤ ਗੁਰੂ ਰਵਿਦਾਸ ਗੁਰਦੁਆਰਾ ਸਮੇਤ ਵੱਖ-ਵੱਖ ਥਾਵਾਂ ’ਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸੇਵਾ ਮੁਕਤ ਆਈਏਐੱਸ ਪ੍ਰਿਥੀ ਚੰਦ, ਸੇਵਾ ਮੁਕਤ ਚੀਫ ਪੋਸਟ ਮਾਸਟਰ ਜਨਰਲ ਪ੍ਰਿਥਵੀ ਰਾਜ ਕੁਮਾਰ ਅਤੇ ਫਤਿਹਜੰਗ ਸਿੰਘ ਸੇਵਾ ਮੁਕਤ ਸੰਯੁਕਤ ਸਕੰਤਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੌਰਾਨ ਕਲਗੀਧਰ ਜਥਾ ਚੰਡੀਗੜ੍ਹ ਵਾਲੇ ਭਾਈ ਮਲਕੀਤ ਸਿੰਘ, ਨਿਸ਼ਾਨ ਸਿੰਘ, ਰੇਸ਼ਮ ਸਿੰਘ, ਬਲਜੀਤ ਸਿੰਘ ਨੇ ਕੀਰਤਨ ਕੀਤਾ।
ਗੁਰੂ ਰਵਿਦਾਸ ਨੇ ਗਿਆਨ ਦਾ ਚਾਨਣ ਕੀਤਾ: ਸਿੱਧੂ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦਾ ਪ੍ਰਕਾਸ਼ ਉਤਸਵ ਅੱਜ ਸ਼ਹਿਰ ਤੇ ਨੇੜਲੇ ਪਿੰਡਾਂ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇੱਥੋਂ ਦੇ ਫੇਜ਼-7 ਵਿੱਚ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਰਵਿਦਾਸ ਭਵਨ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਪ੍ਰਮੁੱਖ ਸਕੱਤਰ ਹੁਸਨ ਲਾਲ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੁੰਢ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਸਿੱਧੂ ਨੇ ਗੁਰੂ ਰਵਿਦਾਸ ਨੂੰ ਕ੍ਰਾਂਤੀਕਾਰੀ ਮਹਾਪੁਰਖ ਦੱਸਦਿਆਂ ਕਿਹਾ ਕਿ ਉਨ੍ਹਾਂ ਉੱਚ-ਨੀਚ ਅਤੇ ਜਾਤ-ਪਾਤ ਵਰਗੇ ਕੂੜ ਅੰਧਕਾਰ ਦਾ ਖ਼ਾਤਮਾ ਕਰ ਕੇ ਗਿਆਨ ਦਾ ਪ੍ਰਕਾਸ਼ ਫੈਲਾਇਆ। ਸਿਹਤ ਮੰਤਰੀ ਨੇ ਸਭਾ ਨੂੰ ਸੋਲਰ ਸਿਸਟਮ ਲਈ 10 ਲੱਖ ਰੁਪਏ ਗਰਾਂਟ ਦੇਣ ਦਾ ਵੀ ਐਲਾਨ ਕੀਤਾ।
ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਵੀ ਸ਼ਰਧਾਂਜਲੀ ਭੇਟ
ਲਾਲੜੂ (ਸਰਬਜੀਤ ਸਿੰਘ ਭੱਟੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਦੱਪਰ ਟੌਲ ਪਲਾਜ਼ਾ ’ਤੇ ਗੁਰੂ ਰਵੀਦਾਸ ਦਾ ਪ੍ਰਕਾਸ਼ ਉਤਸਵ ਤੇ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਪੁਰਵ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮਗਰੋਂ ਚੰਦਰ ਸ਼ੇਖਰ ਆਜ਼ਾਦ ਨੂੰ ਸਰਧਾਂਜਲੀਆਂ ਵੀ ਭੇਟ ਕੀਤੀਆਂ। ਇਸ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਹਾਜ਼ਰੀ ਭਰੀ ਤੇ ਵਿਸ਼ੇਸ਼ ਤੌਰ ’ਤੇ ਪਿੰਡ ਦੱਪਰ ਤੋਂ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ। ਅੱਜ ਦੇ ਪ੍ਰੋਗਰਾਮ ਵਿੱਚ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਨਿਰਮੈਲ ਸਿੰਘ ਜੌਲਾ, ਕਰਮ ਸਿੰਘ ਬਰੌਲੀ, ਬਖਸੀਸ ਸਿੰਘ ਭੱਟੀ, ਸੇਰ ਸਿੰਘ ਸੈਕਟਰੀ, ਭਜਨ ਸਿੰਘ, ਗੁਰਨਾਮ ਸਿੰਘ ਜਾਸਤਨਾ, ਸਰਪੰਚ ਬਲਜਿੰਦਰ ਸਿੰਘ ਚਡਿਆਲਾ, ਨਿੱਕਾ ਸਿੰਘ ਝਰਮੜੀ, ਜਗਤਾਰ ਸਿੰਘ ਝਰਮੜੀ, ਕੁਲਦੀਪ ਸਿੰਘ ਸਰਸੀਣੀ ਹਾਜ਼ਰ ਸਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ):ਗੁਰੂ ਰਵਿਦਾਸ ਮਹਾਨ ਕਵੀ, ਚਿੰਤਕ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਬਰਾਬਰੀ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭੇਦਭਾਵ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗੁਰਦੁਆਰਾ ਰਵਿਦਾਸ ਭਵਨ ਪ੍ਰਬੰਧਕ ਕਮੇਟੀ, ਬ੍ਰਾਹਮਣ ਮਾਜਰਾ ਤੇ ਜੀਟੀ ਰੋਡ ਬਾੜਾ ਸਰਹਿੰਦ ਵਿਚ ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਭਗਤੀ ਲਹਿਰ ਦੇ ਮਹਾਨ ਉਸਰੱਈਏ ਸਨ, ਜਿਨ੍ਹਾਂ ਦੀ ਵਿਚਾਰਧਾਰਾ ਅੱਜ ਦੇ ਸਮੇਂ ਵਿਚ ਵੀ ਪੂਰੀ ਤਰ੍ਹਾਂ ਸਾਰਥਕ ਹੈ। ਇਸੇ ਦੌਰਾਨ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਨੇ ਪਿੰਡ ਚਣੋਂ ਤੇ ਮੂਲੇਪੁਰ ਵਿਚ ਕਰਵਾਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਅਜਿਹੇ ਸਮਾਜ ਪ੍ਰਵਰਤਕ ਹੋਏ ਹਨ, ਜਿਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਅਤੇ ਸਹੀ ਰਾਸਤੇ ਪਾਇਆ।
ਖਰੜ (ਸ਼ਸ਼ੀਪਾਲ ਜੈਨ): ਗੁਰੂ ਰਵਿਦਾਸ ਦਾ ਜਨਮ ਦਿਹਾੜਾ ਪਿੰਡ ਮੱਛਲੀ ਕਲਾਂ ਵਿਚ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵਿਸ਼ੇਸ ਤੌਰ ’ਤੇ ਹਾਜ਼ਰੀ ਲਗਵਾਈ ਤੇ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿਚ ਵੀ ਸਮੁੱਚੀ ਮਨੁੱਖਤਾ ਲਈ ਬਹੁਤ ਲਾਭਦਾਇਕ ਹਨ। ਇਸ ਤੋਂ ਪਹਿਲਾਂ ਸਮਾਗਮ ਵਿਚ ਪਹੁੰਚਣ ’ਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸੇ ਦੌਰਾਨ ਪਿੰਡ ਬਜਹੇੜੀ ਵਿਚ ਵੀ ਸਮਾਗਮ ਕਰਵਾਇਆ ਗਿਆ।
ਅਮਲੋਹ (ਰਾਮ ਸਰਨ ਸੂਦ): ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਲੋਹ ਵੱਲੋਂ ਗੁਰੂ ਰਵਿਦਾਸ ਦੇ 644ਵੇਂ ਪ੍ਰਕਾਸ਼ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਮਗਰੋਂ ਹੈੱਡਗ੍ਰੰਥੀ ਨੇ ਗੁਰੂ ਰਵਿਦਾਸ ਦੇ ਜੀਵਨ ਫਲਸਫੇ ’ਤੇ ਚਾਨਣਾ ਪਾਇਆ ਤੇ ਵੱਡੀ ਗਿਣਤੀ ਸੰਗਤ ਨੇ ਸਮਾਗਮ ਵਿਚ ਹਾਜ਼ਰੀ ਲਗਵਾਈ। ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਅਤੇ ਵੱਖ-ਵੱਖ ਪਾਰਟੀਆਂ ਦੇ ਆਗੁੂਆਂ ਨੇ ਸ਼ਮੂਲੀਅਤ ਕੀਤੀ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਅੱਜ ਨਿਊ ਚੰਡੀਗੜ੍ਹ ਇਲਾਕੇ ਦੇ ਮੁੱਲਾਂਪੁਰ ਗਰੀਬਦਾਸ, ਕੰਸਾਲਾ, ਹੁਸ਼ਿਆਰਪੁਰ, ਸ਼ੂੰਕ, ਨਵਾਂ ਗਰਾਓਂ ਆਦਿ ਵਿਚ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਗਰੰਥ ਸਾਹਿਬ ਦੇ ਪਾਠ ਤੇ ਸ਼ਬਦ ਕੀਰਤਨ ਕਰਵਾਉਂਦਿਆਂ ਲੰਗਰ ਚਲਾਏ ਗਏ।
ਰੂਪਨਗਰ (ਬਹਾਦਰਜੀਤ ਸਿੰਘ): ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਸ਼ਹਿਰ ਦਾ ਮੁੱਖ ਸਮਾਗਮ ਮੁਹੱਲਾ ਚੰਦਰਗੜ੍ਹ ਦੀ ਧਰਮਸ਼ਾਲਾ ਵਿਚ ਹੋਇਆ। ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਗਰੋਂ ਧਾਰਮਿਕ ਦੀਵਾਨ ਸਜਾਇਆ ਗਿਆ। ਇਸ ਮੌਕੇ ਕੀਰਤਨੀ ਜਥਿਆਂ ਨੇ ਗੁਰੂ ਰਵਿਦਾਸ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ।
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਸ਼ਹਿਰ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ। ਇੱਥੇ ਬਾਬਾ ਬੁੱਧ ਦਾਸ ਦੇ ਡੇਰੇ, ਭੂਰੜੇ ਰੋਡ, ਰਾਈਂਵਾੜਾ ਅਤੇ ਬਾਬਾ ਸੰਗਤ ਸਿੰਘ ਗੁਰਦੁਆਰਾ ਸਾਹਿਬ ਵਿਚ ਸਮਾਗਮ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਮਕੜੌਨਾ ਖੁਰਦ, ਕਸਬਾ ਬੇਲਾ, ਪਿਰੋਜ਼ਪੁਰ, ਮਕੜੌਨਾ ਕਲਾਂ, ਰਸੀਦਪੁਰ, ਪਿੱਪਲਮਾਜਰਾ, ਧੂੰਮੇਵਾਲ, ਦਾਉਦਪੁਰ ਤੇ ਬਾਮਾ ਕੁਲੀਆ ਵਿੱਚ ਵੀ ਸਮਾਗਮ ਹੋਏ।
ਬਨੂੜ (ਕਰਮਜੀਤ ਸਿੰਘ ਚਿੱਲਾ): ਗਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਅੱਜ ਬਨੂੜ ਖੇਤਰ ਵਿੱਚ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਛੜਬੜ੍ਹ ਦੇ ਗੁਰਦੁਆਰਾ ਬਾਬਾ ਸੰਗਤ ਸਿੰਘ ਵਿੱਚ ਆਖੰਡ ਪਾਠ ਦੇ ਭੋਗ ਪਾਉਣ ਮਗਰੋਂ ਕੀਰਤਨ ਦਰਬਾਰ ਸਜਿਆ। ਇਸੇ ਤਰ੍ਹਾਂ ਪਿੰਡ ਫੌਜੀ ਕਲੋਨੀ, ਬਨੂੜ ਦੇ ਵਾਰਡ ਨੰਬਰ ਅੱਠ, ਬਾਂਡਿਆ ਬਸੀ, ਹਵੇਲੀ ਬਸੀ, ਕਲੌਲੀ, ਮਨੌਲੀ ਸੂਰਤ, ਕਰਾਲਾ, ਤੰਗੌਰੀ, ਗੁਡਾਣਾ, ਅਬਰਾਵਾਂ, ਸਨੇਟਾ ’ਚ ਵੀ ਆਖੰਡ ਪਾਠ ਦੇ ਭੋਗ ਪਾਏ ਗਏ।
ਸ੍ਰੀ ਆਨੰਦਪੁਰ ਸਾਹਿਬ/ਕੀਰਤਪੁਰ ਸਾਹਿਬ (ਬੀ.ਐੱਸ. ਚਾਨਾ): ਭਗਤ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਵੀਆਈਪੀ ਪਾਰਕਿੰਗ ਵਿਚ ਗੁਰੂ ਰਵਿਦਾਸ ਗੁਰਪੁਰਬ ਕਮੇਟੀ ਵੱਲੋਂ ਧਾਰਮਕਿ ਦੀਵਾਨ ਸਜਾਏ ਗਏ, ਜਿਸ ਵਿਚ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਦੀਵਾਨ ਦੀ ਸਮਾਪਤੀ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਕਰਦਾ ਵਿਸ਼ਾਲ ਨਗਰ ਸਜਾਇਆ ਗਿਆ। ਇਸੇ ਦੌਰਾਨ ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕੀ ਕਮੇਟੀ ਪਿੰਡ ਕਲਿਆਣਪੁਰ (ਸ੍ਰੀ ਕੀਰਤਪੁਰ ਸਾਹਿਬ) ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।
ਅੰਬਾਲਾ (ਰਤਨ ਸਿੰਘ ਢਿੱਲੋਂ): ਗੁਰੂ ਰਵੀਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ ਰਵੀਦਾਸ ਬਸਤੀ ਅੰਬਾਲਾ ਸ਼ਹਿਰ ਸਥਿਤ ਗੁਰੂ ਰਵੀਦਾਸ ਮੰਦਿਰ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ, ਜਿਸ ਵਿਚ ਵਿਧਾਇਕ ਅਸੀਮ ਗੋਇਲ ਨੇ ਬਤੌਰ ਮੁੱਖ ਮਹਿਮਾਨ ਤੇ ਏਡੀਸੀ ਪ੍ਰੀਤੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸ੍ਰੀ ਗੋਇਲ ਨੇ ਕਿਹਾ ਕਿ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਸਾਡਾ ਮਾਰਗ ਦਰਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਰਮਦਾਸ ਨਗਰ ਵਿਚ ਕਰਵਾਏ ਸਮਾਗਮ ਵਿੱਚ ਮੇਅਰ ਸ਼ਕਤੀ ਰਾਣੀ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਮੱਥਾ ਟੇਕਿਆ।
ਖਮਾਣੋਂ (ਜਗਜੀਤ ਕੁਮਾਰ): ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਚ ਮਨਾਇਆ ਗਿਆ। ਇਸ ਮੌਕੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਮਗਰੋਂ ਭਾਈ ਗੁਰਨਾਮ ਸਿੰਘ ਰਾਣਵਾਂ ਵਾਲਿਆਂ ਨੇ ਕੀਰਤਨ ਕੀਤਾ। ਗਿਆਨੀ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ।