ਮੁਕੇਸ਼ ਕੁਮਾਰ
ਚੰਡੀਗੜ੍ਹ, 21 ਦਸੰਬਰ
ਕੇਂਦਰ ਸਰਕਾਰ ਦੀ ਕਿਫ਼ਾਇਤੀ ਕਿਰਾਇਆ ਹਾਊਸਿੰਗ ਯੋਜਨਾ ਤਹਿਤ ਇਥੋਂ ਦੇ ਸੈਕਟਰ-52 ਅਤੇ 56 ਦੇ ਆਰਜ਼ੀ ਸ਼ੈੱਡਾਂ ਦੇ ਵਸਨੀਕਾਂ ਨੂੰ ਹਾਊਸਿੰਗ ਬੋਰਡ ਵਲੋਂ ਮਲੋਆ ਵਿਚ ਬਣਾਏ ਗਏ ਈਡਬਲਿਊਐੱਸ ਫਲੈਟਾਂ ਵਿੱਚ ਸ਼ਿਫਟ ਕੀਤਾ ਗਿਆ ਹੈ। ਅੱਜ ਇਥੇ ਹਾਊਸਿੰਗ ਬੋਰਡ ਦੇ ਦਫਤਰ ਵਿੱਚ ਸਮਾਗਮ ਦੌਰਾਨ ਕੇਂਦਰ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਸ ਯੋਜਨਾ ਦੇ ਲਾਭਪਾਤਰੀ 15 ਪਰਿਵਾਰਾਂ ਨੂੰ ਕਬਜ਼ਾ ਪੱਤਰ ਅਤੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ। ਉਨ੍ਹਾਂ ਨੇ ਇਸ ਯੋਜਨਾ ਦੇ 1700 ਲਾਭਪਾਤਰੀਆਂ ਨੂੰ ਵਧਾਈ ਦਿੱਤੀ ਅਤੇ ਯੂਟੀ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਾਊਸਿੰਗ ਯੋਜਨਾ ਸਕੀਮ ਲਾਗੂ ਕਰਨ ਵਿੱਚ 80 ਫ਼ੀਸਦੀ ਟੀਚਾ ਪੂਰਾ ਕਰਕੇ ਦੇਸ਼ ਭਰ ਦੇ ਸ਼ਹਿਰਾਂ ਵਿੱਚ ਪਹਿਲੇ ਨੰਬਰ ’ਤੇ ਆਉਣ ਲਈ ਵੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਮਨੋਜ ਪਰੀਦਾ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਵਲ 2 ਮਹੀਨਿਆਂ ਵਿੱਚ ਹੀ 1700 ਪਰਿਵਾਰਾਂ ਨੂੰ ਮਲੋਆ ਦੇ ਫਲੈਟਾਂ ਵਿੱਚ ਕਿਰਾਏ ’ਤੇ ਸ਼ਿਫਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਅਲਾਟੀਆਂ ਨੂੰ ਫਲੈਟਾਂ ਵਿੱਚ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਉਪਲਬਧ ਕਰਵਾਏ ਜਾ ਰਹੇ ਹਨ। ਸਮਾਗਮ ਵਿੱਚ ਮੇਅਰ ਰਾਜ ਬਾਲਾ ਮਲਿਕ ਸਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੇਂਦਰ ਸਰਕਾਰ ਦੀ ਕਿਫ਼ਇਤੀ ਕਿਰਾਇਆ ਹਾਊਸਿੰਗ ਯੋਜਨਾ ਨੂੰ ਸ਼ਹਿਰ ਵਿੱਚ ਲਾਗੂ ਕਰਨ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਨੋਡਲ ਏਜੰਸੀ ਬਣਾਇਆ ਗਿਆ ਸੀ। ਬੋਰਡ ਨੇ ਇਸ ਯੋਜਨਾ ਤਹਿਤ ਇਥੇ ਸੈਕਟਰ 52 ਅਤੇ 56 ਵਿਚ ਬਣੇ ਪ੍ਰੀ-ਫੈਬਰੀਕੇਟਿਡ ਸ਼ੈਲਟਰਾਂ ਦੇ 1703 ਵਸਨੀਕਾਂ ਨੂੰ ਮਲੋਆ ਵਿੱਚ ਕਿਰਾਏ ’ਤੇ ਫਲੈਟ ਅਲਾਟ ਕੀਤੇ ਹਨ। ਇਨ੍ਹਾਂ ਫਲੈਟਾਂ ਲਈ ਤਿੰਨ ਹਜ਼ਾਰ ਰੁਪਏ ਮਹੀਨਾ ਕਿਰਾਇਆ ਵਸੂਲਿਆ ਜਾਵੇਗਾ।
ਵਾਹਨ ਪਾਸਿੰਗ ਸਹੂਲਤ ਸੈਕਟਰ-23 ’ਚ ਤਬਦੀਲ ਕਰਨ ਦੇ ਹੁਕਮ
ਚੰਡੀਗੜ੍ਹ ਦੀ ਵਾਹਨ ਰਜਿਸਟਰੇਸ਼ਨ ਐਂਡ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਵਾਹਨਾਂ ਦੇ ਪਾਸਿੰਗ ਪਹਿਲੀ ਜਨਵਰੀ ਤੋਂ ਸੈਕਟਰ 23 ਵਿੱਚ ਕੀਤੀ ਜਾਵੇਗੀ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਥੇ ਚਿਲਡਰਨ ਟ੍ਰੈਫਿਕ ਪਾਰਕ ਦੀ ਸੈਕਟਰ-24 ਵਾਲੇ ਪਾਸੇ ਦੀ ਪਾਰਕਿੰਗ ਵਿੱਚ ਵਾਹਨਾਂ ਨੂੰ ਪਾਸ ਕੀਤਾ ਜਾਵੇਗਾ। ਇਹ ਵਿਵਸਥਾ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗੀ। ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ ਵਲੋਂ ਵਾਹਨ ਰਜਿਸਟ੍ਰੇਸ਼ਨ ਤੇ ਵਾਹਨਾਂ ਦੇ ਲਾਇਸੈਂਸ ਆਦਿ ਬਣਾਉਣ ਲਈ ਜਮ੍ਹਾਂ ਕੀਤੇ ਜਾਣ ਵਾਲੇ ਕਾਗਜ਼ਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਨੂੰ ਲੈਕੇ ਵੀ ਨਵੀਂ ਵਿਵਸਥਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਨਵੀਂ ਵਿਵਸਥਾ ਅਨੁਸਾਰ ਆਰਐੱਲਏ ਵੱਲੋਂ ਪੰਜਾਬ ਸੂਬੇ ਦੀ ਤਰਜ਼ ’ਤੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸ ਆਦਿ ਦੇ ਕਾਰਜਾਂ ਸਬੰਧੀ ਜਮ੍ਹਾਂ ਕੀਤੇ ਜਾਣ ਵਾਲੇ ਕਾਗਜ਼ਾਂ ਨੂੰ ਸਕੈਨ ਕਰਕੇ ਮਹਿਕਮੇ ਦੀ ਸਾਈਟ ’ਤੇ ਅਪਲੋਅਡ ਕੀਤੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਕਾਗਜ਼ ਸਕੈਨ ਕਰਨ ਤੋਂ ਬਾਅਦ ਬਿਨੈਕਰਤਾ ਨੂੰ ਅਸਲੀ ਕਾਗਜ਼ ਵਾਪਸ ਕਰ ਦਿੱਤੇ ਜਾਣਗੇ। ਇਸ ਨਾਲ ਆਰਐੱਲਏ ਵਿੱਚ ਫਾਈਲਾਂ ਦੀ ਸਾਂਭ-ਸੰਭਾਲ ਦਾ ਕੰਮ ਘਟੇਗਾ।