ਹਰਜੀਤ ਸਿੰਘ
ਡੇਰਾਬੱਸੀ, 21 ਜੂਨ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਜਲ ਸਰੋਤ ਵਿਭਾਗ ਨੇ ਲੰਘੇ ਦਿਨੀਂ ਪਿੰਡ ਮੌਲਵੀ ਵਾਲਾ ਵਿਚ ਨਹਿਰੀ ਪਾਣੀ ਦੀ ਚੋਰੀ ਰੋਕਣ ਗਏ ਨਹਿਰੀ ਵਿਭਾਗ ਦੇ ਦੋ ਜੇਈਜ਼ ਅਤੇ ਫੀਲਡ ਸਟਾਫ ਦੇ ਕਰਮਚਾਰੀਆਂ ਨਾਲ ਕੀਤੀ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਉਪਕਾਰ ਸਿੰਘ ਕੋਹਲੀ, ਜਨਰਲ ਸਕੱਤਰ ਨਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਰਜਿੰਦਰ ਭੋਲਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਸਰਕਲ ਅਧੀਨ ਖੇਤਰ ਵਿਚ ਨਹਿਰੀ ਪਾਣੀ ਦੀ ਲਗਾਤਾਰ ਚੋਰੀ ਕੀਤੀ ਜਾ ਰਹੀ ਹੈ। ਚੋਰੀ ਰੋਕਣ ਲਈ ਮਹਿਕਮੇ ਦੇ ਜੂਨੀਅਨ ਇੰਜਨੀਅਰਜ਼ ਨੇ ਜਦੋਂ ਰਾਤ ਨੂੰ ਨਹਿਰ ‘ਤੇ ਗਸ਼ਤ ਕਰਦਿਆਂ ਚੋਰੀ ਕਰਨ ਲਈ ਲਾਈਆਂ ਪਾਈਪਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਤਾਂ ਕੁਝ ਕਿਸਾਨਾਂ ਨੇ ਸਮੇਤ ਸਰਪੰਚ, ਨਹਿਰੀ ਵਿਭਾਗ ਦੇ ਜੂਨੀਅਰ ਇੰਜਨੀਅਰ ਅਤੇ ਉਸ ਨਾਲ ਫੀਲਡ ਸਟਾਫ ਦੀ ਕੁੱਟਮਾਰ ਕੀਤੀ ਅਤੇ ਕਥਿਤ ਤੌਰ ‘ਤੇ ਹਵਾਈ ਫਾਇਰ ਕੀਤੇ। ਉਨ੍ਹਾਂ ਕਿਹਾ ਕਿ ਇਸ ਘਟਨਾ ਮਗਰੋਂ ਯੂਨੀਅਨ ਵਿਚ ਰੋਸ ਹੈ। ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਭਵਿੱਖ ਵਿਚ ਇੰਜਨੀਅਰ ਸਟਾਫ਼ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਨ ਦੀ ਮੰਗ ਕੀਤੀ, ਤਾਂ ਜੋ ਵਿਭਾਗ ਵੱਲੋਂ ਚੋਰੀ ਨੂੰ ਰੋਕਿਆ ਜਾ ਸਕੇ। ਅਹੁਦੇਦਾਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।