ਪੱਤਰ ਪ੍ਰੇਰਕ
ਲਾਲੜੂ, 10 ਜਨਵਰੀ
ਪਤੀ ਦੇ ਕਿਸੇ ਹੋਰ ਔਰਤ ਨਾਲ ਚੱਲ ਰਹੇ ਕਥਿਤ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹੋਏ ਝਗੜੇ ਵਿੱਚ ਪਤੀ ਨੇ ਪਤਨੀ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਕੇ ਜਾਨ ਤੋਂ ਮਾਰਨ ਦੀ ਕੋਸਿਸ਼ ਕੀਤੀ। ਇਸ ਘਟਨਾ ਵਿੱਚ ਦੋਵੇਂ ਪਤੀ-ਪਤਨੀ ਝੁਲਸ ਗਏ ਹਨ ਅਤੇ ਦੋਵੇਂ ਹੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਪਤਨੀ ਦੀ ਸ਼ਿਕਾਇਤ ’ਤੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਸੁਜਾਤਾ ਗੁਪਤਾ ਵਾਸੀ ਓਮੈਕਸ ਗਰੀਨ, ਝਾਰਮੜੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ 9 ਜਨਵਰੀ ਨੂੰ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤਾਂ ਉਸ ਦੇ ਪਤੀ ਨੇ ਉਸ ਨੂੰ ਅੱਗ ਲਾ ਦਿੱਤੀ।