ਹਰਜੀਤ ਸਿੰਘ
ਡੇਰਾਬੱਸੀ, 27 ਅਪਰੈਲ
ਇਥੋਂ ਦੇ ਰੌਣੀ ਮੁਹੱਲੇ ਵਿੱਚ ਰਿਹਾਇਸ਼ੀ ਖੇਤਰ ਵਿੱਚ ਖੁੱਲ੍ਹੇ ਹਸਪਤਾਲ ਵਿੱਚ ਕਰੋਨਾ ਮਰੀਜ਼ ਰੱਖਣ ਦੇ ਮਾਮਲੇ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਅੱਜ ਹਸਪਤਾਲ ਵਿੱਚ ਛਾਪਾ ਮਾਰ ਕੇ ਉਥੇ ਦਾਖਲ ਮਰੀਜ਼ਾਂ ਦੀ ਜਾਂਚ ਕੀਤੀ।
ਜਾਣਕਾਰੀ ਅਨੁਸਾਰ ਉੱਕਤ ਮੁਹੱਲੇ ਵਿੱਚ ਚਲ ਰਹੇ ਇਕ ਨਿੱਜੀ ਹਸਪਤਾਲ ’ਤੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਸੀ ਕਿ ਉਥੇ ਕਰੋਨਾ ਦੇ ਮਰੀਜ਼ ਰੱਖ ਕੇ ਨੇੜਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਅੱਜ ਡਾ. ਪ੍ਰੀਤ ਮੋਹਣ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਵਿੱਚ ਛਾਪਾ ਮਾਰਿਆ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਉਥੇ ਦਾਖਲ ਸਾਰੇ ਮਰੀਜ਼ਾਂ ਦੀ ਰਿਪੋਰਟ ਨੈਗਟਿਵ ਹੈ। ਪਰ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਕ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਵੱਲੋਂ ਟੀਮ ਨੂੰ ਗੁੰਮਰਾਹ ਕੀਤਾ ਗਿਆ ਹੈ। ਦੇਰ ਸ਼ਾਮ ਸਥਾਨਕ ਲੋਕਾਂ ਨੇ ਇਕ ਵਿਅਕਤੀ ਮੀਡੀਆ ਅੱਗੇ ਪੇਸ਼ ਕੀਤਾ ਜਿਸ ਨੇ ਮੰਨਿਆ ਕਿ ਉਸਦੀ ਮਾਤਾ ਜਿਸਦੀ ਰਿਪੋਰਟ 20 ਤਰੀਕ ਨੂੰ ਪਾਜ਼ੇਟਿਵ ਆਈ ਸੀ ਨੂੰ ਉੱਕਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੁਣ ਤੱਕ ਉਹ ਪੰਜਾਹ ਹਜ਼ਾਰ ਰੁਪਏ ਬਿੱਲ ਦਾ ਭੁਗਤਾਨ ਵੀ ਕਰ ਚੁੱਕੇ ਹਨ। ਇਸ ਮਗਰੋਂ ਸਿਹਤ ਵਿਭਾਗ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਟੀਮ ਨੇ ਮਰੀਜ਼ਾਂ ਦੀ ਡਿਟੇਲ ਰਿਪੋਰਟ ਅਤੇ ਐਸ.ਡੀ.ਐਮ. ਨੂੰ ਕਾਰਵਾਈ ਕਰਨ ਲਈ ਕਿਹਾ। ਲੋਕਾਂ ਨੇ ਦੋਸ਼ ਲਾਇਆ ਕਿ ਉੱਕਤ ਹਸਪਤਾਲ ਵਿੱਚ 12 ਦੇ ਕਰੀਬ ਕਰੋਨਾ ਮਰੀਜ਼ ਹਨ ਜੋ ਵੱਖ ਸੂਬਿਆਂ ਦੇ ਹਨ,ਜਿਸ ਕਾਰਨ ਇਥੇ ਕਰੋਨਾ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਹਸਪਤਾਲ ਦੇ ਮਾਲਕ ਅਤੇ ਡਾ. ਵਿਜੈ ਕੁਮਾਰ ਨੇ ਦਾਅਵਾ ਕੀਤਾ ਕਿ ਉਥੇ ਕਰੋਨਾ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੈ। ਉਨ੍ਹਾਂ ਸਾਰੇ ਦਸਤਾਵੇਜ਼ ਸਿਹਤ ਵਿਭਾਗ ਦੀ ਟੀਮ ਨੂੰ ਦੇ ਦਿੱਤੇ ਹਨ। ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਕਿਹਾ ਕਿ ਹਸਪਤਾਲ ਵੱਲੋਂ ਉਥੇ ਦਾਖਲ ਸਾਰੇ ਮਰੀਜ਼ਾਂ ਦੀ ਕਰੋਨਾ ਨੈਗਟਿਵ ਰਿਪੋਰਟ ਦਿਖਾਈ ਗਈ ਹੈ ਪਰ ਮਰੀਜ਼ ਦੇ ਪਰਿਵਾਰਕ ਮੈਂਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਨੇ ਐਸਡੀਐਮ ਨੂੰ ਜਾਂਚ ਲਈ ਲਿਖਿਆ ਹੈ।