ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 14 ਅਗਸਤ
ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੇ ਹੋਏ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰ ਵੱਲੋਂ ਵੱਖ-ਵੱਖ ਹਸਪਤਾਲਾਂ ਨੂੰ 77 ਨਵੀਆਂ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਇਨ੍ਹਾਂ 77 ਐਂਬੂਲੈਂਸਾਂ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਪਹਿਲਾਂ ਹੀ 17 ਐਡਵਾਂਸ ਲਾਈਫ਼ ਸਪੋਰਟ (ਏਐੱਲਐੱਸ) ਐਂਬੂਲੈਂਸਾਂ ਦਿੱਤੀਆਂ ਜਾ ਚੁੱਕੀਆਂ ਹਨ। ਬਾਕੀ ਰਹਿੰਦੀ ਐਂਬੂਲੈਂਸਾਂ ਵੀ 30 ਅਗਸਤ ਤੱਕ ਹਸਪਤਾਲਾਂ ਵਿੱਚ ਪਹੁੰਚ ਜਾਣਗੀਆਂ। ਉਧਰ, ਸਿਹਤ ਵਿਭਾਗ ਨੂੰ ਅੱਜ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਏਜੰਸੀ ’ਚੋਂ ਬਾਹਰ ਆਈ ਇਕ ਨਵੀਂ ਐਂਬੂਲੈਂਸ ਮਹਿਜ਼ ਦੋ ਕੁ ਕਿਲੋਮੀਟਰ ਦਾ ਪੈਂਡਾ ਤੈਅ ਕਰਨ ਮਗਰੋਂ ਬੰਦ ਹੋ ਗਈ। ਚਾਲਕ ਨੇ ਮਕੈਨਿਕ ਨੂੰ ਮੌਕੇ ’ਤੇ ਸੱਦਿਆ ਤੇ ਧੱਕਾ ਲਗਾ ਕੇ ਐਂਬੂਲੈਂਸ ਨੂੰ ਸਟਾਰਟ ਕੀਤਾ ਗਿਆ। ਚਾਲਕ ਅਤੇ ਮਕੈਨਿਕ ਦਾ ਕਹਿਣਾ ਸੀ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਗੱਡੀ ਰਾਹ ਵਿੱਚ ਖੜ੍ਹ ਗਈ ਹੈ।