ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਈ
ਟ੍ਰਾਈਸਿਟੀ ਵਿੱਚ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਨਿੱਤ ਵਧਦੇ ਤਾਪਮਾਨ ਅਤੇ ਲੂ ਕਾਰਨ ਲੋਕ ਘਰਾਂ ਵਿੱਚ ਸਿਮਟੇ ਰਹਿਣ ਲਈ ਮਜ਼ਬੂਰ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਟ੍ਰਾਈਸਿਟੀ ਵਿੱਚ ਗਰਮੀ ਹੋਰ ਵਧਣ ਦੀ ਚਿਤਾਵਨੀ ਦਿੱਤੀ ਗਈ। ਇਸੇ ਦੌਰਾਨ 16 ਅਤੇ 17 ਮਈ ਨੂੰ ਵੈਸਟਰਨ ਡਿਸਟਰਬੈਂਸ ਕਾਰਨ ਤੇਜ਼ ਹਵਾਵਾਂ ਚਲਣ ਅਤੇ ਹਲਕੇ ਮੀਂਹ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਗਰਮੀ ਦਾ ਕਹਿਰ ਮੁੜ ਜਾਰੀ ਹੋ ਜਾਵੇਗਾ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਸੀ। ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਉਹ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਸੀ। ਇਸੇ ਤਰ੍ਹਾਂ ਮੁਹਾਲੀ ਦਾ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਸੀ। ਇਸੇ ਤਰ੍ਹਾਂ ਪੰਚਕੂਲਾ ਦਾ ਵਧ ਤੋ ਵਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਟ੍ਰਾਈਸਿਟੀ ਵਿੱਚ ਅਤਿ ਦੀ ਗਗਮੀ ਅਤੇ ਲੂ ਚੱਲਣ ਕਰਕੇ ਸੈਲਾਨੀ ਵੀ ਘੱਟ ਗਿਣਤੀ ਵਿੱਚ ਪਹੁੰਚ ਰਹੇ ਹਨ। ਸਵੇਰ ਅਤੇ ਸ਼ਾਮ ਵੇਲੇ ਗਰਮੀ ਤੋਂ ਹਲਕੀ ਰਾਹਤ ਮਿਲਣ ਕਰ ਕੇ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ ਸਣੇ ਹੋਰਨਾਂ ਘੁੰਮਣ ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਕੁਝ ਰੌਣਕ ਦੇਖਣ ਨੂੰ ਮਿਲਦੀ ਹੈ। ਹੁਣ ਸੋਮਵਾਰ ਤੇ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ।
ਮਾਰਚ ਮਹੀਨੇ ਤੋਂ ਹੀ ਸਤਾ ਰਹੀ ਹੈ ਗਰਮੀ
ਇਸ ਸਾਲ ਮਾਰਚ ਮਹੀਨੇ ਦੀ ਸ਼ੁਰੂਆਤ ਤੋਂ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਮਈ ਮਹੀਨੇ ਦੀ ਸ਼ੁਰੂਆਤ ਵਿੱਚ ਦੋ ਦਿਨ ਮੌਸਮ ਸੁਹਾਵਨਾ ਰਿਹਾ। ਉਸ ਤੋਂ ਬਾਅਦ ਗਰਮੀ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ। ਮੌਸਮ ਵਿਭਾਗ ਵੱਲੋਂ 16 ਅਤੇ 17 ਮਈ ਨੂੰ ਵੀ ਤੂਫਾਨ ਅਤੇ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਤੋਂ ਬਾਅਦ ਮੁੜ ਗਰਮੀ ਵਧੇਗੀ।