ਜਗਮੋਹਨ ਸਿੰਘ
ਰੂਪਨਗਰ, 24 ਅਪਰੈਲ
ਇੱਥੇ ਰੇਲਵੇ ਸਟੇਸ਼ਨ ਅਤੇ ਸਤਿਸੰਗ ਭਵਨ ਦੇ ਵਿਚਕਾਰ ਬਣੇ ਸਰਹਿੰਦ ਨਹਿਰ ਦੇ ਪੁਲ ਉੱਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਪੁਲ ਦੇ ਦੋਵੇਂ ਪਾਸੇ ਲੋਅ ਹੈੱਡ ਬੈਰੀਅਰ ਲਾਏ ਜਾਣਗੇ। ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਰੂਪਨਗਰ-ਜਲੰਧਰ ਮਾਰਗ ’ਤੇ ਨਵੇਂ ਬੱਸ ਅੱਡੇ ਨੇੜੇ ਸਰਹਿੰਦ ਨਹਿਰ ’ਤੇ ਨਵਾਂ ਪੁਲ ਬਣ ਰਿਹਾ ਹੈ, ਜਿਸ ਕਰਕੇ ਸਤਿਸੰਗ ਭਵਨ ਨੇੜੇ ਅਕਸਰ ਪੁਲ ’ਤੇ ਜਾਮ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਪੁਲ ਦੇ ਦੋਵੇਂ ਪਾਸਿਆਂ ਤੋਂ ਇਲਾਵਾ ਇੱਕ ਜਗ੍ਹਾ ’ਤੇ ਹੋਰ ਲੋਅ ਹੈੱਡ ਬੈਰੀਅਰ ਲਗਾ ਕੇ ਭਾਰੀ ਵਾਹਨਾਂ ਦੀ ਆਵਾਜਾਈ ਸਖ਼ਤੀ ਨਾਲ ਬੰਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਨੰਗਲ ਨੂੰ ਜਾਣ ਵਾਲੇ ਭਾਰੀ ਵਾਹਨ ਨਿਰੰਕਾਰੀ ਭਵਨ ਦੇ ਨੇੜਿਓਂ ਫਲਾਈਓਵਰ ਰਾਹੀਂ ਜਾਂ ਰੇਲਵੇ ਫਾਟਕ ਰਾਹੀਂ ਹੋ ਕੇ ਨੰਗਲ ਤੇ ਊਨਾ ਜਾਣਗੇ। ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਭਾਰੀ ਵਾਹਨ ਸਤਲੁਜ ਦਰਿਆ ਦੇ ਹੈੱਡ ਤੋਂ ਮੁੜ ਕੇ ਡੀਸੀ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਤੋਂ ਹੁੰਦੇ ਹੋਏ ਆਈਆਈਟੀ ਰੋਡ ਫਲਾਈਓਵਰ ਤੋਂ ਬਾਈਪਾਸ ’ਤੇ ਜਾਣਗੇ ਅਤੇ ਚੰਡੀਗੜ੍ਹ ਤੋਂ ਜਲੰਧਰ ਜਾਣ ਵਾਲੇ ਵਾਹਨ ਵੀ ਇਸੇ ਰਸਤੇ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਨੂੰ ਵੀ ਗਿਆਨੀ ਜ਼ੈਲ ਸਿੰਘ ਨਗਰ ਰਾਹੀਂ ਹੋ ਕੇ ਸ਼ਹਿਰ ਤੱਕ ਪੁੱਜਣਾ ਪਵੇਗਾ।