ਪੱਤਰ ਪ੍ਰੇਰਕ
ਬਨੂੜ, 17 ਸਤੰਬਰ
ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਪਹਾੜੀ ਕਿੱਕਰਾਂ ਦੀਆਂ ਚਾਰ ਤੋਂ ਪੰਜ ਫੁਟ ਤੱਕ ਸੜਕ ਵੱਲ ਵਧੀਆਂ ਟਾਹਣੀਆਂ ਨੂੰ ਪ੍ਰਸ਼ਾਸਨ, ਜੰਗਲਾਤ ਵਿਭਾਗ ਤੇ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਨਾ ਛੰਗਾਏ ਜਾਣ ਕਾਰਨ ਰਾਹਗੀਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਆਵਾਜਾਈ ਵਿੱਚ ਅੜਿੱਕਾ ਬਣ ਰਹੀਆਂ ਹਨ ਅਤੇ ਦੁਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਤੇ ਮੂੰਹ ’ਤੇ ਕੰਡੇ ਵੱਜਦੇ ਹਨ। ਰਾਤ ਦੇ ਹਨੇਰੇ ਵਿੱਚ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਹਾਦਸਿਆਂ ਦਾ ਵੀ ਕਾਰਨ ਬਣ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਇਲਾਕਾ ਵਾਸੀ ਪ੍ਰਸ਼ਾਸਨ ਕੋਲੋਂ ਸੜਕ ਵੱਲ ਵਧੀਆਂ ਹੋਈਆਂ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਨੂੰ ਕਟਾਉਣ ਦੀ ਮੰਗ ਕਰਦੇ ਆ ਰਹੇ ਹਨ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਖਜ਼ਾਨਚੀ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਦੀਪ ਸਿੰਘ ਮਰਦਾਂਪੁਰ, ਰਾਜਕੁਮਾਰ ਖੇੜੀ ਗੁਰਨਾ, ਜਸਵੀਰ ਸਿੰਘ ਖਲੌਰ, ਜਰਨੈਲ ਸਿੰਘ, ਕਾਮਰੇਡ ਬਲਵਿੰਦਰ ਸਿੰਘ, ਸਰਪੰਚ ਤਰਸੇਮ ਲਾਲ ਬਾਸਮਾਂ, ਜਰਨੈਲ ਸਿੰਘ, ਗੁਰਮੇਜਰ ਸਿੰਘ ਗੁਰਨਾ, ਬੱਬੂ ਖੇੜੀ ਗੁਰਨਾ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਖੇੜੀ ਗੁਰਨਾ ਤੋਂ ਇਲਾਵਾ ਹੋਰ ਬਹੁਤ ਸਾਰੇ ਵਸਨੀਕਾਂ ਨੇ ਹੁਣ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਸਬੰਧੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਕੰਡਿਆਲੀ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੂੰ 20 ਸਤੰਬਰ ਤੱਕ ਨਾ ਕੱਟਿਆ ਗਿਆ ਤਾਂ ਉਹ ਇਲਾਕੇ ਦੇ ਵਸਨੀਕਾਂ ਨੂੰ ਨਾਲ ਲੈ ਕੇ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦੇਣਗੇ।