ਜਗਮੋਹਨ ਸਿੰਘ
ਘਨੌਲੀ, 15 ਅਕਤੂਬਰ
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੇ ਕਿਸਾਨ ਪੰਜਾਬ ਦੀਆਂ ਮੰਡੀਆਂ ’ਚ ਭਾਰੀ ਪੈਣ ਲੱਗੇ ਹਨ। ਜਾਣਕਾਰੀ ਅਨੁਸਾਰ ਭਰਤਗੜ੍ਹ ਖੇਤਰ ਦੇ ਕਿਸਾਨਾਂ ਦੀ ਜ਼ਿਆਦਾਤਰ ਜ਼ਮੀਨ ਸਤਲੁਜ ਦਰਿਆ ਅਤੇ ਭਾਖੜਾ ਨਹਿਰ ਦੇ ਨੇੜੇ ਹੋਣ ਕਾਰਨ ਬਹੁਤੇ ਪਿੰਡਾਂ ਦੇ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਵੇਚਣ ਸਮੇਂ ਨਮੀ ਦੀ ਮਾਤਰਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਫਸਲ ਪਹਾੜੀ ਖੇਤਰ ਵਿੱਚ ਬੀਜੀ ਹੋਣ ਕਾਰਨ ਨਮੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਰਕੇ ਭਰਤਗੜ੍ਹ ਮੰਡੀ ਦੇ ਆੜ੍ਹਤੀ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀ ਫਸਲ ਖਰੀਦਣ ਨੂੰ ਵਧੇਰੇ ਤਰਜੀਹ ਦਿੰਦੇ ਹਨ। ਮੰਡੀ ਵਿੱਚ ਮਿਲ ਰਹੇ ਪਾਸਾਂ ਨੂੰ ਪੰਜਾਬ ਦੇ ਕਿਸਾਨ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੇ ਕਿਸਾਨ ਬਿਨਾਂ ਕਿਸੇ ਰੋਕ ਟੋਕ ਭਰਤਗੜ੍ਹ ਦੀ ਮੰਡੀ ਵਿੱਚ ਆਪਣੀ ਫਸਲ ਵੇਚ ਰਹੇ ਹਨ। ਇਸ ਸਬੰਧੀ ਪੱਤਰਕਾਰ ਵੱਲੋਂ ਭਰਤਗੜ੍ਹ ਮੰਡੀ ਦੇ ਇੱਕ ਆੜ੍ਹਤੀ ਨਾਲ ਹਿਮਾਚਲ ਦੇ ਇੱਕ ਕਿਸਾਨ ਦੀ ਫਸਲ ਵੇਚਣ ਬਾਰੇ ਸੰਪਰਕ ਕੀਤਾ ਤਾਂ ਉਕਤ ਆੜ੍ਹਤੀ ਨੇ ਫ਼ਸਲ ਲੈਣ ਦੀ ਹਾਮੀ ਭਰੀ। ਉਕਤ ਆੜ੍ਹਤੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਕਿਸੇ ਕਾਰਨ ਕਰ ਕੇ ਸਰਕਾਰੀ ਪੋਰਟਲ ਵਿੱਚ ਹਿਮਾਚਲ ਪ੍ਰਦੇਸ਼ ਦਾ ਨਾਮ ਨਾ ਹੋਣ ਕਾਰਨ ਫ਼ਸਲ ਦੀ ਅਦਾਇਗੀ ਵਿੱਚ ਕੋਈ ਸਮੱਸਿਆ ਆਈ ਤਾਂ ਉਹ ਪੰਜਾਬ ਦੇ ਕਿਸੇ ਵਿਅਕਤੀ ਦੇ ਨਾਮ ’ਤੇ ਖਾਤਾ ਨੰਬਰ ਪਵਾ ਕੇ ਕਿਸਾਨ ਨੂੰ ਫਸਲ ਦੀ ਅਦਾਇਗੀ ਕਰਵਾ ਦੇਵੇਗਾ।
ਹਿਮਾਚਲ ਦੀ ਫ਼ਸਲ ਨਹੀਂ ਖਰੀਦੀ ਜਾ ਰਹੀ: ਸਕੱਤਰ ਮਾਰਕੀਟ ਕਮੇਟੀ
ਇਸ ਸਬੰਧੀ ਮਾਰਕੀਟ ਕਮੇਟੀ ਰੂਪਨਗਰ ਦੇ ਸਕੱਤਰ ਰਾਜਵੀਰ ਸਿੰਘ ਵੜੈਚ ਨੇ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਕਿਸੇ ਵੀ ਕਿਸਾਨ ਨੂੰ ਪਾਸ ਜਾਰੀ ਨਹੀਂ ਕੀਤਾ ਜਾ ਰਿਹਾ। ਜੇਕਰ ਭਰਤਗੜ੍ਹ ਮੰਡੀ ਦਾ ਕੋਈ ਆੜ੍ਹਤੀ ਜਾਅਲੀ ਢੰਗ ਤਰੀਕੇ ਰਾਹੀਂ ਹਿਮਾਚਲ ਦੇ ਕਿਸਾਨਾਂ ਦੀ ਫਸਲ ਖਰੀਦਦਾ ਹੈ ਤਾਂ ਫੜੇ ਜਾਣ ਦੀ ਸੂਰਤ ਵਿੱਚ ਆੜ੍ਹਤੀ ਦਾ ਲਾਇਸੈਂਸ ਕੈਂਸਲ ਕਰਵਾਉਣ ਤੋਂ ਇਲਾਵਾ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਪਰਚਾ ਵੀ ਦਰਜ ਕਰਵਾਇਆ ਜਾਵੇਗਾ।