ਰਤਨ ਸਿੰਘ ਢਿੱਲੋਂ
ਅੰਬਾਲਾ, 30 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਗੁੱਗਾ ਜਾਹਰ ਪੀਰ ਬਾਰੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਅੱਜ ਹਿੰਦੂ ਸੰਗਠਨਾਂ ਨੇ ਅੰਬਾਲਾ ਸ਼ਹਿਰ ਵਿਚ ਸਿੱਧੂ ਦੇ ਪੁਤਲੇ ਦੀ ਅੰਤਿਮ ਯਾਤਰਾ ਕੱਢ ਕੇ ਉਸ ਨੂੰ ਅੱਗ ਦੇ ਹਵਾਲੇ ਕੀਤਾ ਅਤੇ ਐੱਸਪੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ। ਹਿੰਦੂ ਪਰਿਸ਼ਦ, ਬਜਰੰਗ ਦਲ ਅਤੇ ਹੋਰ ਸੰਗਠਨਾਂ ਦੇ ਲੋਕ ਅੱਜ ਦੁਪਹਿਰ ਬਾਅਦ ਸਾਢੇ 3 ਵਜੇ ਦੇ ਕਰੀਬ ਸ਼ਹਿਰ ਦੇ ਅਗਰਸੇਨ ਚੌਕ ਵਿਚ ਇਕੱਠੇ ਹੋਏ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਚੌਕ ਤੱਕ ਰੋਸ ਪ੍ਰਗਟਾਉਂਦਿਆਂ ਸਿੱਧੂ ਦੇ ਪੁਤਲੇ ਦੀ ਅੰਤਿਮ ਯਾਤਰਾ ਕੱਢੀ। ਚੌਕ ਵਿਚ ਪਹੁੰਚ ਕੇ ਉਨ੍ਹਾਂ ਨੇ ਪੁਤਲੇ ਨੂੰ ਅੱਗ ਦੇ ਹਵਾਲੇ ਕੀਤਾ। ਆਗੂਆਂ ਨੇ ਕਿਹਾ ਕਿ ਚੋਣ ਰੈਲੀ ਦੌਰਾਨ ਸਿੱਧੂ ਨੇ ਗੁੱਗਾ ਜਾਹਰ ਪੀਰ ਬਾਰੇ ਅਪਸ਼ਬਦ ਬੋਲ ਕੇ ਹਿੰਦੂ ਧਰਮ ਦਾ ਅਪਮਾਨ ਕੀਤਾ ਹੈ, ਜਿਸ ਲਈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੌਕੇ ’ਤੇ ਪੁੱਜੇ ਐੱਸਪੀ (ਅੰਬਾਲਾ) ਜਸ਼ਨਦੀਪ ਸਿੰਘ ਰੰਧਾਵਾ ਨੇ ਆਗੂਆਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸੰਗਠਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਸਿੱਧੂ ਨੇ ਸਰਵ ਸਮਾਜ ਕੋਲੋਂ ਮੁਆਫ਼ੀ ਨਾ ਮੰਗੀ ਤਾਂ ਸੰਗਠਨ ਪੂਰੇ ਦੇਸ਼ ਵਿਚ ਸਖ਼ਤ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਡੇਰਾਬੱਸੀ (ਹਰਜੀਤ ਸਿੰਘ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਗੁੱਗਾ ਜਾਹਰ ਪੀਰ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਖ਼ਿਲਾਫ਼ ਹਿੰਦੂਆਂ ਦਾ ਰੋਸ ਵਧਦਾ ਜਾ ਰਿਹਾ ਹੈ। ਹਲਕਾ ਡੇਰਾਬੱਸੀ ਵਿੱਚ ਅੱਜ ਵੱਖ ਵੱਖ ਥਾਈਂ ਸ੍ਰੀ ਸਿੱਧੂ ਖ਼ਿਲਾਫ਼ ਹਿੰਦੂ ਜਥੇਬੰਦੀਆ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਬੱਸ ਸਟੈਂਡ ’ਤੇ ਧਾਮੀ ਸ਼ਰਮਾ ਅਤੇ ਮਨਵਿੰਦਰ ਸਿੰਘ ਟੋਨੀ ਰਾਣਾ ਵੱਲੋਂ ਵੱਡੀ ਗਿਣਤੀ ਹਿੰਦੂ ਭਾਈਚਾਰੇ ਨਾਲ ਸ੍ਰੀ ਸਿੱਧੂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਪੁਤਲਾ ਸਾੜਿਆ ਗਿਆ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਸਿੱਧੂ ਨੂੰ ਪੰਜਾਬ ਵਿੱਚ ਕਿਸੇ ਵੀ ਥਾਂ ਪ੍ਰਚਾਰ ਨਹੀਂ ਕਰਨ ਦਿੱਤਾ ਜਾਏਗਾ।
ਖਰੜ (ਸ਼ਸ਼ੀਪਾਲ ਜੈਨ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਗੁੱਗਾ ਜਾਹਰ ਪੀਰ ਬਾਰੇ ਮੰਦੇ ਸ਼ਬਦ ਬੋਲੇ ਜਾਣ ਖ਼ਿਲਾਫ਼ ਅੱਜ ਪਿੰਡ ਝੰਜੇੜੀ ਵਿੱਚ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਜਪੂਤ ਸਭਾ ਦੇ ਪ੍ਰਧਾਨ ਸੰਦੀਪ ਰਾਣਾ ਅਤੇ ਗੁੱਗਾ ਜ਼ਾਹਿਰ ਪੀਰ ਕਮੇਟੀ ਪਿੰਡ ਝੰਜੇੜੀ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਦੋ ਦਿਨਾਂ ਅੰਦਰ ਮੁਆਫੀ ਨਾ ਮੰਗੀ ਤਾਂ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਲਾਲੜੂ (ਸਰਬਜੀਤ ਸਿੰਘ ਭੱਟੀ): ਇਥੇ ਲਾਲੜੂ ਵਿੱਚ ਵੀ ਹਿੰਦੂ ਜਥੇਬੰਦੀਆਂ ਨੇ ਅੱਜ ਰੋਸ ਵਜੋਂ ਨਵਜੋਤ ਸਿੱਧੂ ਦਾ ਪੁਤਲਾ ਸਾੜਿਆ। ਇਸ ਤੋਂ ਪਹਿਲਾਂ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਅੰਦਰ ਇਲਾਕੇ ਦੇ ਪਤਵੰਤੇ ਸ਼ਾਮਲ ਹੋਏ। ਆਗੂਆਂ ਨੇ ਪੁਲੀਸ ਨੂੰ ਦਰਖਾਸਤ ਦੇ ਕੇ ਸਿੱਧੂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।