ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ(ਮੁਹਾਲੀ), 30 ਜੂਨ
ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਦੀਆਂ ਸਿਖਿਆਰਥਣਾਂ ਨੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਹੋਰ ਭੀੜ-ਭਾੜ ਵਾਲੇ ਚੌਕਾਂ ’ਚ ਇੱਕ ਵਿਸ਼ੇਸ਼ ਚੇਤਨਾ ਮੁਹਿੰਮ ਰਾਹੀਂ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਜਾਨਲੇਵਾ ਲਾਗ ਤੋਂ ਬਚਣ ਲਈ ਜਾਗਰੂਕ ਕੀਤਾ। ਪ੍ਰਿੰਸੀਪਲ ਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਆਈਟੀਆਈ ਦੇ ਸਮੂਹ ਸਟਾਫ਼ ਅਤੇ ਸਿਖਿਆਰਥਣਾਂ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਲਿਖੇ ਸੁਨੇਹਿਆਂ ਵਾਲੇ ਬੈਨਰ ਅਤੇ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਫੇਜ਼-7 ਅਤੇ ਫੇਜ਼-8 ਲਾਲ ਬੱਤੀ ਚੌਕ, ਫੇਜ਼-3/5 ਦੇ ਟਰੈਫ਼ਿਕ ਲਾਈਟ ਪੁਆਇੰਟ ਅਤੇ ਜ਼ਿਲ੍ਹਾ ਪ੍ਰਬੰਧਕੀ ਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਬਾਹਰ ਲਗਾਤਾਰ 3 ਘੰਟੇ ਪਹਿਰਾ ਦਿੱਤਾ ਗਿਆ।
ਕੁਰਾਲੀ, (ਮਿਹਰ ਸਿੰਘ): ਕਰੋਨਾ ਖ਼ਿਲਾਫ਼ ਸਰਕਾਰ ਵਲੋਂ ਛੇੜੀ ਜੰਗ ਵਿੱਚ ਸਫਲਤਾ ਹਾਸਲ ਕਰਨ ਲਈ ਸਰਕਾਰ ਵਲੋਂ ਚਲਾਏ ‘ਮਿਸ਼ਨ ਫਤਹਿ’ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਪੰਚਾਇਤਾਂ ਅੱਗੇ ਆ ਰਹੀਆਂ ਹਨ। ਡੀਡੀਪੀਓ ਨੇ ਕਿਹਾ ਕਿ ਮਹਿਲਾ ਪੰਚਾਂ ਅਤੇ ਸਰਪੰਚਾਂ ਦੀ ਭੂਮਿਕਾ ਵਿਸ਼ੇਸ਼ ਸ਼ਲਾਘਾਯੋਗ ਹੈ ਕਿਉਂਕਿ ਉਹ ਲੋਕਾਂ ਨੂੰ ਸੁਰੱਖਿਆ ਸਬੰਧੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਹਮੇਸ਼ਾ ਮੋਹਰੀ ਰਹੇ ਹਨ। ਜੀਓਜੀਜ਼ ਵਲੋਂ ਕੁਰਾਲੀ ਨੇੜਲੇ ਪਿੰਡ ਰਕੌਲੀ ਦੀ ਸਰਪੰਚ ਮਨਜੀਤ ਕੌਰ ਨੂੰ ਮਿਸ਼ਨ ਫਤਹਿ ਵਾਰੀਅਰ ਵਜੋਂ ਚੁਣਿਆ ਹੈ ਅਤੇ ਉਨ੍ਹਾਂ ਨੂੰ ਬੈਜ਼ ਨਾਲ ਸਨਮਾਨਿਤ ਕੀਤਾ।
ਖਰੜ, (ਸ਼ਸ਼ੀ ਪਾਲ ਜੈਨ): ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਘਰ-ਘਰ ਜਾਗਰੂਕਤਾ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਮੁਹਾਲੀ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਮੁਹਾਲੀ, ਖਰੜ ਅਤੇ ਡੇਰਾਬੱਸੀ ਦਾ ਦੌਰਾ ਕੀਤਾ ਗਿਆ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਾਣਕਾਰੀਆਂ ਮਹੁੱਈਆਂ ਕਰਵਾਈਆਂ। ਇਸ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਵਾਉਣ ਦੇ ਨਾਲ-ਨਾਲ ਲੋੜਵੰਦਾਂ ਨੂੰ ਮਾਸਕ ਵੀ ਵੰਡੇ ਅਤੇ ਹੱਥ ਵੀ ਸੈਨੇਟਾਈਜ਼ ਕਰਵਾਏ ਗਏ।
ਕੋਚਾਂ ਵੱਲੋਂ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ
ਐੱਸ.ਏ.ਐੱਸ.ਨਗਰ(ਮੁਹਾਲੀ), (ਕਰਮਜੀਤ ਸਿੰਘ ਚਿੱਲਾ): ਕੋਵਿਡ-19 ਕਾਰਨ ਬੰਦ ਪਏ ਖੇਡ ਸਟੇਡੀਅਮਾਂ ਅਤੇ ਅਭਿਆਸ ਕੇਂਦਰਾਂ ਦੇ ਬਾਵਜੂਦ ਖੇਡ ਵਿਭਾਗ ਦੇ ਕੋਚ ਖਿਡਾਰੀਆਂ ਨੂੰ ਆਨਲਾਈਨ ਤਰੀਕਿਆਂ ਰਾਹੀਂ ਖੇਡਾਂ ਦਾ ਅਭਿਆਸ ਕਰਾ ਰਹੇ ਹਨ। ਜ਼ਿਲ੍ਹਾ ਮੁਹਾਲੀ ਦੇ 25 ਦੇ ਕਰੀਬ ਖੇਡ ਵਿਭਾਗ ਦੇ ਕੋਚ 230 ਦੇ ਕਰੀਬ ਖਿਡਾਰੀਆਂ ਨੂੰ ਨਿਰੰਤਰ ਆਨਲਾਈਨ ਸਿਖਲਾਈ ਦੇ ਰਹੇ ਹਨ। ਖੇਡ ਵਿਭਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ਤਹਿਤ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਖਿਡਾਰੀਆਂ ਦੀ ਖੇਡ ਉੱਤੇ ਕੋਈ ਅਸਰ ਨਾ ਪਵੇ। ਕੋਚਾਂ ਵੱਲੋਂ ਇਸ ਟਰੇਨਿੰਗ ਮੌਕੇ ਖਿਡਾਰੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰਾਂ ਤੋਂ ਬਿਨਾਂ ਕੰਮ ਬਾਹਰ ਨਾ ਜਾਣ, ਛੇ ਫੁੱਟ ਦੀ ਸਮਾਜਿਕ ਦੂਰੀ ਰੱਖਣ, ਘਰੋਂ ਬਾਹਰ ਨਿਕਲਣ ਤੇ ਮਾਸਿਕ ਪਹਿਨਣ ਅਤੇ ਕੋਵਾ ਐਪ ਡਾਊਨਲੋਡ ਕਰ ਕੇ ਮਿਸ਼ਨ ਫ਼ਤਹਿ ਵਾਰੀਅਰਜ਼ ਵਿੱਚ ਸ਼ਾਮਿਲ ਹੋਣ ਲਈ ਵੀ ਪ੍ਰੇਰ ਰਹੇ ਹਨ।
ਕਰੋਨਾ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਲਗਵਾਏ
ਫ਼ਤਹਿਗੜ੍ਹ ਸਾਹਿਬ, (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤੋਂ ਬਚਾਅ ਲਈ ਸਭ ਤੋਂ ਪਹਿਲਾਂ ਕੀਤੇ ਉਪਰਾਲਿਆਂ ਸਦਕਾ ਕਰੋਨਾਵਾਇਰਸ ਨੂੰ ਵੱਡੇ ਪੱਧਰ ’ਤੇ ਕਾਬੂ ਕੀਤਾ ਗਿਆ ਹੈ ਅਤੇ ਹੁਣ ਸਰਕਾਰ ਵੱਲੋਂ ਕਰੋਨਾਵਾਇਰਸ ਨੂੰ ਮਾਤ ਦੇਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਹਿ ਨੂੰ ਹਰ ਨਾਗਰਿਕ ਦੀ ਸ਼ਮੂਲੀਅਤ ਨਾਲ ਕਾਮਯਾਬ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਆਰ.ਟੀ.ਸੀ ਦੇ ਡਾਇਰੈਕਟਰ ਸੁਭਾਸ਼ ਸੂਦ ਨੇ ਜੀਟੀ ਰੋਡ ਸਥਿਤ ਬੱਸ ਸਟੈਂਡ ਵਿੱਚ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਲਗਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰੋਨਾਵਾਇਰਸ ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਇਸ ਖਤਰਨਾਕ ਮਹਾਂਮਾਰੀ ਦਾ ਖਾਤਮਾ ਹੋ ਸਕੇ।