ਪੱਤਰ ਪ੍ਰੇਰਕ
ਬਨੂੜ, 18 ਮਈ
ਥਾਣਾ ਬਨੂੜ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਪਲਟਨ ਕਮਾਂਡਰ ਬਲਜੀਤ ਸਿੰਘ (54) ਨੇ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਮ੍ਰਿਤਕ 14 ਮਈ ਨੂੰ ਧਰਮਗੜ੍ਹ ਟੀ-ਪੁਆਇੰਟ ਉੱਤੇ ਲਗਾਏ ਪੁਲੀਸ ਨਾਕੇ ਦੌਰਾਨ ਦਿੱਤੀ ਜਾ ਰਹੀ ਡਿਊਟੀ ਸਮੇਂ ਤੇਜ਼ ਰਫ਼ਤਾਰ ਟਰਾਲੇ ਵੱਲੋਂ ਮਾਰੀ ਫ਼ੇਟ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪੀਜੀਆਈ ਵਿੱਚ ਦਾਖਲ ਸੀ। ਮ੍ਰਿਤਕ ਜਵਾਨ ਦਾ ਅੱਜ ਸ਼ਾਮ ਬਨੂੜ ਨੇੜਲੇ ਜੱਦੀ ਪਿੰਡ ਮਮੌਲੀ ਵਿਖੇ ਸਸਕਾਰ ਕੀਤਾ ਗਿਆ। ਬਨੂੜ ਪੁਲੀਸ ਦੀ ਟੁਕੜੀ ਨੇ ਇਸ ਮੌਕੇ ਵਿਛੜੇ ਜਵਾਨ ਨੂੰ ਸਲਾਮੀ ਦਿੱਤੀ। ਇਸ ਮੌਕੇ ਥਾਣਾ ਬਨੂੜ ਦੇ ਮੁਖੀ ਬਲਵਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਵੰਡਾਇਆ।