ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਸ਼ਹਿਰ ਦੇ ਨਵੇਂ ਗ੍ਰਹਿ ਸਕੱਤਰ ਨਿਤਿਨ ਯਾਦਵ ਨੂੰ 10 ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਆਦੇਸ਼ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਜਾਰੀ ਕੀਤੇ ਹਨ।
ਸਲਾਹਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਗ੍ਰਹਿ ਸਕੱਤਰ ਨਿਤਿਨ ਯਾਦਵ ਨੂੰ ਸਕੱਤਰ ਪੁਲੀਸ, ਰੈਵੇਨਿਊ, ਕਾਨੂੰਨ ਅਤੇ ਨਿਆਂ, ਸਥਾਨਕ ਸਰਕਾਰਾਂ, ਜਲ ਸਰੋਤ, ਟਰਾਂਸਪੋਰਟ, ਵਾਤਾਵਰਨ ਅਤੇ ਜੰਗਲਾਤ, ਟੂਰਿਜ਼ਮ ਅਤੇ ਚੰਡੀਗੜ੍ਹ ਇੰਡਸਟਰੀਅਲ ਅਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਹੈ। ਗ੍ਰਹਿ ਸਕੱਤਰ ਵਜੋਂ ਅਰੁਣ ਕੁਮਾਰ ਗੁਪਤਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ ਆਈਏਐੱਸ ਵਿਜੈ ਨਾਮਦਿਓ ਰਾਓ, ਮਨਦੀਪ ਸਿੰਘ ਬਰਾੜ ਅਤੇ ਦੇਬੇਂਦਰ ਦਲਾਈ ਨੂੰ ਦਿੱਤੀ ਗਈ ਸੀ। ਉਸ ਤੋਂ ਬਾਅਦ ਕੇਂਦਰੀ ਸਰਕਾਰ ਨੇ ਸ੍ਰੀ ਗੁਪਤਾ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਦਾ ਵਾਧਾ ਕਰ ਦਿੱਤਾ ਸੀ ਜਿਨ੍ਹਾਂ ਦੀਆਂ ਸੇਵਾਵਾਂ 31 ਅਗਸਤ ਨੂੰ ਖਤਮ ਹੋ ਗਈਆਂ ਸਨ। ਯੂਟੀ ਪ੍ਰਸ਼ਾਸਨ ਨੇ ਸ੍ਰੀ ਗੁਪਤਾ ਨੂੰ 31 ਅਗਸਤ ਨੂੰ ਰਿਲੀਵ ਕਰ ਦਿੱਤਾ ਸੀ ਜਿਸ ਉਪਰੰਤ ਯੂਟੀ ਪ੍ਰਸ਼ਾਸਨ ਨੇ ਵਿੱਤ ਸਕੱਤਰ ਨੂੰ ਗ੍ਰਹਿ ਸਕੱਤਰ ਦਾ ਵਾਧੂ ਸੇਵਾਵਾਂ ਦੇ ਦਿੱਤੀਆਂ ਸਨ। ਹਰਿਆਣਾ ਸਰਕਾਰ ਨੇ ਸਾਲ 200 ਬੈੱਚ ਦੇ ਆਈਏਐੱਸ ਅਧਿਕਾਰੀ ਨਿਤਿਨ ਯਾਦਵ, ਪੰਕਜ ਅਗਰਵਾਲ ਅਤੇ ਸਾਲ 2003 ਬੈੱਚ ਦੇ ਵਿਨੈ ਸਿੰਘ ਦੇ ਨਾਂ ਦਾ ਪੈਨਲ ਕੇਂਦਰ ਕੋਲ ਭੇਜਿਆ ਸੀ ਜਿਸ ਵਿੱਚੋਂ ਨਿਤਿਨ ਯਾਦਵ ਦੇ ਨਾਮ ’ਤੇ ਮੋਹਰ ਲਾਈ ਗਈ ਸੀ।