ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 18 ਜੂਨ
ਪਿੰਡ ਪੜੌਲ ਵਿੱਚ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਵਿੱਚ ਪਿਛਲੇ ਸਮੇਂ ਤੋਂ ਡਾਕਟਰ ਸਮੇਤ ਹੋਰ ਸਟਾਫ ਦੀ ਘਾਟ ਹੈ। ਪਿੰਡ ਦੀ ਸਰਪੰਚ ਪਰਮਜੀਤ ਕੌਰ, ਪੰਚ ਦਵਿੰਦਰ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ, ਹਰਜਿੰਦਰ ਕੌਰ ਆਦਿ ਨੇ ਪੰਜਾਬ ਸਰਕਾਰ ਕੋਲੋਂਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਉਤੇ ਪਿੰਡ ਦੀ ਡਿਸਪੈਂਸਰੀ ਵਿੱਚ ਡਾਕਟਰ ਸਮੇਤ ਹੋਰ ਲੋੜੀਂਦਾ ਸਟਾਫ ਤਾਇਨਾਤ ਕੀਤਾ ਜਾਵੇੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸੰਨ 1986 ਤੋਂ ਡਿਸਪੈਂਸਰੀ ਬਣੀ ਹੋਈ ਹੈ, ਜਿਸ ਨਾਲ ਪਿੰਡ ਪੜੌਲ, ਛੋਟੀ-ਬੜੀ ਨੱਗਲ, ਫਿਰੋਜ਼ਪੁਰ ਬੰਗਰ, ਭੜੌਜੀਆਂ, ਹੁਸ਼ਿਆਰਪੁਰ, ਸਿੱਸਵਾਂ, ਮਾਜਰਾ ਆਦਿ ਪਿੰਡ ਜੁੜੇ ਹੋਏ ਹਨ। ਇੱਥੇ ਤਾਇਨਾਤ ਐੱਚਐੱਮਓ ਪ੍ਰੈਗਨੈਂਸੀ ਕਾਰਨ ਛੁੱਟੀ ’ਤੇ ਚੱਲ ਰਹੇ ਹਨ। ਇਸ ਸਬੰਧੀ ਡਿਸਪੈਂਸਰੀ ਵਿੱਚ ਤਾਇਨਾਤ ਫਾਰਮਾਸਿਸਟ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਮਰੀਜ਼ ਆਉਂਦੇ ਹਨ ਤਾਂ ਉਹ ਫੋਨ ਰਾਹੀਂ ਮਾਹਿਰ ਡਾਕਟਰ ਨੂੰ ਪੀੜਤ ਦੀ ਹਾਲਤ ਬਾਰੇ ਦੱਸਦਾ ਹੈ ਤੇ ਫਿਰ ਦੱਸੇ ’ਤੇ ਦਵਾਈ ਦਿੰਦਾ ਹੈ। ਇਸ ਸਬੰਧੀ ਜ਼ਿਲ੍ਹਾ ਮੁਹਾਲੀ ਦੀ ਡੀਐੱਚਓ ਡਾ. ਰਵਿੰਦਰ ਕੌਰ ਬਾਵਾ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਡਿਸਪੈਂਸਰੀਆਂ ਵਿੱਚ ਪੂਰਾ ਸਟਾਫ ਤਾਇਨਾਤ ਕਰਨ ਲਈ ਉਪਰਾਲੇ ਕੀਤੇ ਜਾਣ।