ਜਗਮੋਹਨ ਸਿੰਘ
ਰੂਪਨਗਰ, 21 ਸਤੰਬਰ
ਰੂਪਨਗਰ ਤੋਂ ਪਟਿਆਲਾ ਬਦਲੀ ਹੋਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਜ਼ਿਲ੍ਹਾ ਰੂਪਨਗਰ ਅੰਦਰ ਨਿਭਾਈਆਂ ਵਧੀਆ ਤੇ ਲੋਕ ਪੱਖੀ ਸੇਵਾਵਾਂ ਬਦਲੇ ਇਲਾਕਾ ਘਾੜ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਕਲੱਬ ਨਾਲ ਜੁੜੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ ਪੁੱਜ ਕੇ ਸਨਮਾਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿੱਥੇ ਜ਼ਿਲ੍ਹੇ ਦਾ ਹਰ ਲੋੜਵੰਦ ਨਾਗਰਿਕ ਬਿਨਾਂ ਝਿਜਕ ਤੇ ਬਿਨਾਂ ਸਿਫਾਰਿਸ਼ ਡੀਸੀ ਦਫਤਰ ਵਿੱਚ ਜਾ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਲੈਂਦਾ ਸੀ, ਉੱਥੇ ਹੀ ਪਿਛਲੇ ਸਾਲ ਹੜ੍ਹਾਂ ਦੇ ਦੌਰਾਨ ਰਾਤ ਦੇ ਸਮੇਂ ਵੀ ਡਾ. ਯਾਦਵ ਨੇ ਆਪ ਮੌਕੇ ’ਤੇ ਪੁੱਜ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਇਸੇ ਦੌਰਾਨ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਰੂਪਨਗਰ ਜ਼ਿਲ੍ਹੇ ਦੀ ਕੁਦਰਤੀ ਖੂਬਸੂਰਤੀ , ਦਰਿਆਵਾਂ ਤੇ ਪਹਾੜੀਆਂ ਦਾ ਸ਼ਾਂਤਮਈ ਵਾਤਾਵਰਨ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਉਸਾਰੂ ਰਵੱਈਏ ਲਈ ਜ਼ਿਲ੍ਹੇ ਦੇ ਮੀਡੀਆ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਲਾਕਾ ਘਾੜ ਕਲੱਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਟੂ ਬਾਜਵਾ ਪ੍ਰਧਾਨ ਪੰਚਾਇਤ ਯੂਨੀਅਨ ਰੂਪਨਗਰ, ਹਰਮਨ ਗਿੱਲ ਇਟਲੀ, ਲਖਵਿੰਦਰ ਸਿੰਘ ਕਾਕਾ ਹਾਜ਼ਰ ਸਨ।