ਘਨੌਲੀ: ਇੱਥੇ ਦਬੁਰਜੀ ਟੀ-ਪੁਆਇੰਟ ਦੇ ਪਿਛਲੇ ਲੰਬੇ ਸਮੇਂ ਤੋਂ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਘਰਸ਼ਕਾਰੀਆਂ ਵੱਲੋਂ ਇਲਾਕੇ ਦੇ ਲਗਪਗ ਅੱਧੀ ਦਰਜਨ ਪਿੰਡਾਂ ਦੇ ਨਵੇਂ ਚੁਣੇ ਲੋਕ ਨੁੰਮਾਇੰਦਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਧਰਨਾ ਸਥਾਨ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਉਪਰੰਤ ਸੰਘਰਸ਼ਕਾਰੀਆਂ ਦੇ ਆਗੂ ਰਾਜਿੰਦਰ ਸਿੰਘ ਘਨੌਲਾ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੇ ਸਰਪੰਚਾਂ ਤੇ ਪੰਚਾਂ ਦਾ ਸਨਮਾਨ ਕਰਦਿਆਂ ਹੋਇਆਂ ਉਨ੍ਹਾਂ ਤੋਂ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ। ਸਨਮਾਨਿਤ ਹੋਣ ਵਾਲੇ ਮੋਹਤਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪੋ ਆਪਣੇ ਪਿੰਡਾਂ ਦੇ ਲੋਕਾਂ ਨੂੰ ਦੋਵਾਂ ਅਦਾਰਿਆਂ ਤੋਂ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। -ਪੱਤਰ ਪ੍ਰੇਰਕ