ਪੰਚਕੂਲਾ: ਇੱਥੋਂ ਦੇ ਸੈਕਟਰ-20 ਵਿੱਚ ਇੱਕ ਮਰਲਾ ਮਕਾਨਾਂ ਨੇੜੇ ਬਣੇ ਮੰਦਰ ਨੂੰ ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਦੇ ਮੁਲਾਜ਼ਮਾਂ ਨੇ ਜੇਸੀਬੀ ਨਾਲ ਤੋੜ ਦਿੱਤਾ। ਇਲਾਕੇ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਨੇ ਦੋ ਮਹਿਲਾ ਪੁਲੀਸ ਮੁਲਾਜ਼ਮਾਂ ’ਤੇ ਚੱਪਲਾਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹੰਗਾਮਾ ਹੋ ਗਿਆ। ਲੋਕਾਂ ਨੇ ਹੁੱਢਾ ਅਥਾਰਟੀ ਅਤੇ ਪੁਲੀਸ ਦੀਆਂ ਗੱਡੀਆਂ ਘੇਰਨ ਦਾ ਕੰਮ ਜਾਰੀ ਰੱਖਿਆ। ਹੁੱਡਾ ਅਥਾਰਟੀ ਦੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੇ ਦੱਸਿਆ ਕਿ ਮੰਦਰ ਦੀ ਜ਼ਮੀਨ ਕਿਸੇ ਹੋਰ ਪ੍ਰਾਈਵੇਟ ਵਿਅਕਤੀ ਨੂੰ ਅਲਾਟ ਕੀਤੀ ਗਈ ਹੈ। ਨਿਯਮਾਂ ਅਨੁਸਾਰ ਇਸ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਜਦੋਂਕਿ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਰ ਢਾਉਣ ਤੋਂ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਸੀ। ਇਸ ਦੌਰਾਨ 150 ਤੋਂ ਵੱਧ ਮਹਿਲਾਵਾਂ ਨੇ ਮੰਦਰ ਵਿੱਚ ਕੀਰਤਨ ਸ਼ੁਰੂ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਮਹਿਲਾ ਪੁਲੀਸ ਉੱਤੇ ਜੁੱਤੀਆਂ ਚਲਾਉਣ ਵਾਲੀਆਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। -ਪੱਤਰ ਪ੍ਰੇਰਕ