ਹਰਜੀਤ ਸਿੰਘ
ਜ਼ੀਰਕਪੁਰ, 14 ਅਕਤੂਬਰ
ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ ਉਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਅਤੇ ਪੁਲੀਸ ਵਿਭਾਗ ਦੀ ਟੀਮ ਨੇ ਅੱਜ ਗਾਜ਼ੀਪੁਰ ਖੇਤਰ ਵਿੱਚ ਸਥਿਤ ਸਵਾਸਤਿਕ ਹਸਪਤਾਲ ਨੂੰ ਭਾਰੀ ਖਾਮੀਆਂ ਹੋਣ ਦੇ ਚਲਦੇ ਸੀਲ ਕਰ ਦਿੱਤਾ। ਉਪ ਮੰਡਲ ਮੈਜਿਸਟਰੇਟ (ਐਸਡੀਐਮ) ਡੇਰਾਬਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਸ ਹਸਪਤਾਲ ਵਿੱਚ ਇਲਾਜ ਦੇ ਬਹਾਨੇ ਗੈਰਕਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਦੀ ਜਾਂਚ ਲਈ ਉਨ੍ਹਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਮਹਿਤਾਬ, ਐਮਸੀ ਇੰਸਪੈਕਟਰ ਜ਼ੀਰਕਪੁਰ ਰਿਸ਼ਭ ਅਤੇ ਏਐਸਆਈ ਥਾਣਾ ਜ਼ੀਰਕਪੁਰ ਬਰਿੰਦਰ ਸਿੰਘ ਉਤੇ ਆਧਾਰਤ ਇੱਕ ਟੀਮ ਬਣਾਈ ਗਈ। ਟੀਮ ਨੇ ਅਚਨਚੇਤ ਚੈਕਿੰਗ ਕੀਤੀ ਅਤੇ ਉਥੇ ਗੈਰਕਨੂੰਨੀ ਕਾਰਵਾਈਆਂ ਚਲਦੀਆਂ ਪਾਈਆਂ ਗਈਆਂ। ਉਥੇ ਇਕ ਅਟੈਂਡੈਂਟ ਜਿਸ ਨੇ ਆਪਣਾ ਨਾਮ ਅਜਿੰਦਰਪਾਲ ਸਿੰਘ ਦੱਸਿਆ, ਡਾਕਟਰ ਬਣ ਕੇ ਇਲਾਜ ਕਰ ਰਿਹਾ ਸੀ। ਪਰ ਉਸ ਕੋਲ ਸਿਰਫ਼ ਟ੍ਰੇਨੀ ਫਾਰਮਾਸਿਸਟ ਦੇ ਪੇਪਰ ਮਿਲੇ, ਜਿਸ ਦੀ ਮਿਆਦ 31 ਦਸੰਬਰ 2020 ਤੱਕ ਹੀ ਸੀ। ਸ੍ਰੀ ਬਾਵਾ ਨੇ ਕਿਹਾ ਕਿ ਅਜਿੰਦਰਪਾਲ ਨੇ ਦੱਸਿਆ ਕਿ ਡਾ. ਪ੍ਰਗਤੀ ਇਸ ਹਸਪਤਾਲ ਨੂੰ ਚਲਾ ਰਹੀ ਹੈ, ਜਿਸ ਦੀ ਡਿਊਟੀ ਸ਼ਾਮ ਨੂੰ ਸ਼ੁਰੂ ਹੁੰਦੀ ਹੈ ਪਰ ਡਾਕਟਰ ਪ੍ਰਗਤੀ ਦੇ ਸਿਰਫ਼ ਆਯੁਰਵੈਦਿਕ ਡਾਕਟਰ ਹੋਣ ਦੇ ਸਬੂਤ ਮਿਲੇ ਹਨ। ਟੀਮ ਨੂੰ ਹਸਪਤਾਲ ਤੋਂ ਜਾਅਲੀ ਮੋਹਰ ਵੀ ਮਿਲੀ ਹੈ, ਜਿਸ ਵਿੱਚ ਡਾਕਟਰ ਪ੍ਰਗਤੀ ਨੂੰ ਐਮ.ਡੀ. ਦਰਸਾਇਆ ਗਿਆ ਹੈ। ਐਸ.ਡੀ.ਐਮ. ਨੇ ਅੱਗੇ ਕਿਹਾ ਕਿ ਟੀਮ ਨੂੰ ਹਸਪਤਾਲ ਤੋਂ ਪਾਬੰਦੀਸ਼ੁਦਾ ਦਵਾਈ ਟ੍ਰੈਮਾਡੋਲ ਵੀ ਮਿਲੀ, ਜੋ ਆਮ ਤੌਰ ਤੇ ਇੱਕ ਦਰਦ ਨਿਵਾਰਕ ਵਜੋਂ ਵਰਤੀ ਜਾਂਦੀ ਹੈ। ਆਮ ਤੌਰ ਉਤੇ ਇਸ ਦੀ ਵਰਤੋਂ ਨਸ਼ੇ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਐਫਆਈਆਰ ਦੀ ਸਿਫਾਰਸ਼ ਪੁਲੀਸ ਨੂੰ ਕਰਨ ਤੋਂ ਇਲਾਵਾ ਅਗਲੇਰੀ ਕਾਰਵਾਈ ਲਈ ਸਿਵਲ ਸਰਜਨ ਮੁਹਾਲੀ ਨੂੰ ਵੀ ਲਿਖਿਆ ਹੈ।
ਗੈਰਕਾਨੂੰਨੀ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਈਸ਼ਾ ਕਾਲੀਆ
ਡਿਪਟੀ ਕਮਿਸ਼ਨਰ ਸ਼੍ੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਲਾਜ ਦੇ ਨਾਂ ਉਤੇ ਮਰੀਜ਼ਾਂ ਨਾਲ ਧੋਖਾ ਕਰਦੇ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।