ਪੱਤਰ ਪ੍ਰੇਰਕ
ਚੰਡੀਗੜ੍ਹ, 18 ਜਨਵਰੀ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿੱਦਿਅਕ ਗਤੀਵਿਧੀਆਂ ਸ਼ੁਰੂ ਕਰਵਾਉਣ ਸਮੇਤ ਹੋਰ ਕਈ ਮੰਗਾਂ ਸਬੰਧੀ ਅੱਜ ਉਪ ਕੁਲਪਤੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਗ ਪੱਤਰ ਦੇਣ ਲਈ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਨੂੰ ਸਕਿਓਰਿਟੀ ਸਟਾਫ਼ ਵੱਲੋਂ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ।
ਜਥੇਬੰਦੀ ਦੇ ਪ੍ਰਧਾਨ ਪਾਰਸ ਰਤਨ ਨੇ ਕਿਹਾ ਕਿ ਪੀਯੂ ਅਥਾਰਟੀ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਇਨ੍ਹਾਂ ਨੇ ਵਿਦਿਆਰਥੀਆਂ ਲਈ ਹੋਸਟਲ, ਲਾਇਬਰੇਰੀ ਆਦਿ ਖੋਲ੍ਹਣ ਵੱਲ ਧਿਆਨ ਨਹੀਂ ਦਿੱਤਾ। ਵਿਦਿਆਰਥੀ ਆਗੂ ਰਿਸ਼ਿਕਾ ਰਾਜ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹੋਟਲ, ਕਲੱਬ ਆਦਿ ਖੁੱਲ੍ਹ ਚੁੱਕੇ ਹਨ ਪ੍ਰੰਤੂ ਸਿਰਫ਼ ਪੀ.ਯੂ. ਵਿੱਚ ਹੀ ਵਿਦਿਆਰਥੀਆਂ ਲਈ ਹੋਸਟਲ ਤੇ ਲਾਇਬ੍ਰੇਰੀਆਂ ਬੰਦ ਹਨ। ਰਿਸ਼ਿਕਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਪ੍ਰੀਖਿਆਵਾਂ ਦੇਣ ਬਾਬਤ ਵਿਦਿਆਰਥੀਆਂ ਦੀ 75 ਪ੍ਰਤੀਸ਼ਤ ਹਾਜ਼ਰੀ ਵਾਲੀ ਸ਼ਰਤ ਹਟਾਉਣ ਦੀ ਮੰਗ ਕੀਤੀ ਸੀ ਕਿਉਂਕਿ ਬਹੁਤੀਆਂ ਥਾਵਾਂ ਉਤੇ ਮੋਬਾਈਲ ਨੈੱਟਵਰਕ ਜਾਂ ਇੰਟਰਨੈੱਟ ਦੀ ਸਮੱਸਿਆ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਕੋਲ ਸਮਾਰਟ ਮੋਬਾਈਲ ਫ਼ੋਨ ਨਹੀਂ ਹਨ। ਜੇਕਰ ਇਹ ਹਾਜ਼ਰੀ ਵਾਲੀ ਸ਼ਰਤ ਨਹੀਂ ਹਟਾਈ ਗਈ ਤਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪ੍ਰੀਖਿਆਵਾਂ ਦੇਣ ਤੋਂ ਵਾਂਝੇ ਰਹਿ ਸਕਦੇ ਹਨ।
ਉਨ੍ਹਾਂ ’ਵਰਸਿਟੀ ਵਿੱਚ ਵਿੱਦਿਅਕ ਗਤੀਵਿਧੀਆਂ ਸ਼ੁਰੂ ਕਰਨ ਅਤੇ ਫ਼ਰਵਰੀ ਮਹੀਨੇ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਹਾਜ਼ਰੀ ਸਬੰਧੀ ਸਥਿਤੀ ਸਾਫ਼ ਕਰਨ ਦੀ ਮੰਗ ਰੱਖੀ।
ਡੀਨ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਗੱਲ ਸੁਣਨ ਲਈ ਮੌਕੇ ’ਤੇ ਪਹੁੰਚੇ ਡੀਨ ਵਿਦਿਆਰਥੀ ਭਲਾਈ ਐੱਸ.ਕੇ. ਤੋਮਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਿਦਿਆਰਥੀ ਨੂੰ ਹਾਜ਼ਰੀ ਦੇ ਆਧਾਰ ਉੱਤੇ ਪ੍ਰੀਖਿਆ ਦੇਣ ਤੋਂ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਯੂ.ਜੀ.ਸੀ. ਦੀਆਂ ਹਦਾਇਤਾਂ ਤਹਿਤ 31 ਜਨਵਰੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਵਿੱਦਿਅਕ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਹਨ।