ਆਤਿਸ਼ ਗੁਪਤਾ
ਚੰਡੀਗੜ੍ਹ, 7 ਜੂਨ
ਢਾਈ ਮਹੀਨਿਆਂ ਤੋਂ ਬੰਦ ਪਏ ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨ ਅੱਜ ਸੋਮਵਾਰ ਤੋਂ ਖੁੱਲ੍ਹ ਰਹੇ ਹਨ। ਕੇਂਦਰੀ ਤਰਜ਼ ’ਤੇ ਬੇਸ਼ਕ ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਹੋਟਲ ਦੇ ਮੇਜ਼ ਤੋਂ ਲੈ ਕੇ ਭਗਵਾਨ ਦੇ ਦਰਸ਼ਨ ਕਰਨ ਤੱਕ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਯੂਟੀ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਸ਼ਾਪਿੰਗ ਮਾਲ ਅਤੇ ਹੋਟਲ ਮਾਲਕਾ ਵੱਲੋਂ ਸਾਫ਼-ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਾਂ ਦੀ ਪਾਲਣਾ ਲਈ ਪਾਬੰਦ ਕੀਤਾ ਗਿਆ ਹੈ। ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਖੋਲ੍ਹੇ ਜਾਣਗੇ।
ਪੱਬ ਅਤੇ ਬਾਰ ਬੰਦ ਰਹਿਣਗੇ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਰੇਸਟੋਰੈਂਟ ਨੂੰ ਖੋਲ੍ਹਣ ਦੇ ਆਦੇਸ਼ ਦੇ ਦਿੱਤੇ ਹਨ ਪਰ ਉੱਥੇ ਪੱਬ ਅਤੇ ਬਾਰ ਬੰਦ ਰਹਿਣਗੇ। ਹਾਲੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚਲੇ ਜਿੰਮ, ਸਵੀਮਿੰਗ ਪੂਲ, ਸਪਾ, ਸਮਾਜ ਸੇਂਟਰਾਂ ਨੂੰ ਅਗਲੇ ਆਦੇਸ਼ਾਂ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਹੋਣਗੇ ਜੁਰਮਾਨੇ
ਸਿਟੀ ਬਿਊਟੀਫੁੱਲ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨੇ ਦੇ ਰੂਪ ’ਚ ਆਪਣੀ ਜੇਬ੍ਹ ਢਿੱਲੀ ਕਰਨੀ ਪਵੇਗੀ। ਪ੍ਰਸ਼ਾਸਨਿਕ ਅਧਿਕਾਰੀ ਅਨੁਸਾਰ ਜੇਕਰ ਕਿਸੇ ਦੁਕਾਨ ’ਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣੀ ਹੁੰਦੀ ਪਾਈ ਜਾਂਦੀ ਹੈ ਤਾਂ ਦੁਕਾਨ ਦੇ ਮਾਲਕ ਨੂੰ 500 ਰੁਪਏ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲੇ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜਦਕਿ ਜੁਰਮਾਨੇ ਅਦਾ ਨਾ ਕਰਨ ਵਾਲੇ ਖ਼ਿਲਾਫ਼ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।