ਸਰਬਜੀਤ ਸਿੰਘ ਭੱਟੀ
ਲਾਲੜੂ, 13 ਅਕਤੂਬਰ
ਨਜ਼ਦੀਕੀ ਪਿੰਡ ਹਮਾਯੂੰਪੁਰ-ਤਸਿੰਬਲੀ ਵਿਖੇ ਡੇਂਗੂ ਦੇ ਨਾਲ ਹੁਣ ਲੋਕ ਢਿੱਡ ਪੀੜ ਦੀ ਬਿਮਾਰੀ ਤੋਂ ਪੀੜਤ ਹਨ, ਜਿਸ ਕਾਰਨ ਦੋਵਾਂ ਪਿੰਡਾਂ ਅੰਦਰ ਬੀਤੇ ਇੱਕ ਹਫ਼ਤੇ ਵਿੱਚ ਪੰਜ ਮੌਤਾਂ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਨੇ ਦੂਸ਼ਿਤ ਪਾਣੀ ਸਪਲਾਈ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ ਅਤੇ ਪਾਣੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪਿੰਡ ਨਿਵਾਸੀ ਦਲਬੀਰ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਪਿੰਡ ਹਮਾਯੂੰਪੁਰ ’ਚ ਨਿੰਦਰ ਕੁਮਾਰ ਦਾ ਤਿੰਨ ਸਾਲ ਦਾ ਲੜਕਾ, ਜਸਵਿੰਦਰ ਸਿੰਘ ਦੀ ਲੜਕੀ ਦੀਪਾ, ਰਾਮ ਚੰਦਰ ਅਤੇ ਓਮ ਪ੍ਰਕਾਸ਼ ਦੀ ਪਤਨੀ ਅੰਗਰੇਜੋ ਦੇਵੀ ਤੇ ਤਸਿੰਬਲੀ ’ਚ ਰਿਸ਼ੀ ਪਾਲ ਦੀ ਲੜਕੀ ਜੋਤੀ ਦੀ ਮੌਤ ਹੋ ਚੁੱਕੀ ਹੈ। ਪਿੰਡ ਦੇ ਕਈ ਦਰਜਨ ਮਰੀਜ਼ ਅੰਬਾਲਾ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਡੇਂਗੂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਇਕ ਟੀਮ ਬਣਾਈ ਹੋਈ ਹੈ, ਜੋ ਪਿੰਡ ਵਿੱਚ ਘੁੰਮ ਕੇ ਬੁਖਾਰ ਦੀ ਗੋਲੀਆਂ ਵੰਡ ਰਹੀਆ ਹਨ। ਬੀ.ਡੀ.ਪੀ.ਓ ਪਰਨੀਤ ਕੌਰ ਨੇ ਦੱਸਿਆ ਕਿ ਬਲਾਕ ਦੇ 6 ਪਿੰਡਾਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾ ਚ ਤਸਿੰਬਲੀ ਵਿੱਚ 80, ਹਮਾਯੂੁੰਪਰ ਚ 25, ਝਰਮੜੀ ਚ 34, ਫਤਿਹਪੁਰ ਜੱਟਾਂ ਚ 62, ਕੁੜਾਵਲਾ ਚ 38, ਅਮਲਾਲਾ ਚ 57 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ, ਜੋ ਨਸ਼ਟ ਕਰ ਦਿੱਤਾ ਗਿਆ ਹੈ।