ਆਤਿਸ਼ ਗੁਪਤਾ
ਚੰਡੀਗੜ੍ਹ, 31 ਮਾਰਚ
ਪਿਛਲੇ 10 ਦਿਨਾਂ ਤੋਂ ਲਗਾਤਾਰ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ’ਚ ਚੰਡੀਗੜ੍ਹ ਯੂਥ ਕਾਂਗਰਸ ਨੇ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਅੱਜ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਭਾਣਾ ਦੀ ਅਗਵਾਈ ਵਿੱਚ ਇੱਕਠੇ ਹੋਏ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਥ ਕਾਂਗਰਸੀਆਂ ਨੇ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲ ਵੇਚਣ ਲਈ ਲਗਾ ਦਿੱਤੇ ਹਨ। ਉਨ੍ਹਾਂ ਨੇ ਹੱਥਾਂ ਵਿੱਚ ਵਾਹਨ ਵੇਚਣ ਦੇ ਪੋਸਟਰ ਫੜੇ ਹੋਏ ਸਨ।
ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧਾ ਕੌਮਾਂਤਰੀ ਬਾਜ਼ਾਰ ਦੀਆਂ ਕੀਮਤਾਂ ਅਨੁਸਾਰ ਹੁੰਦਾ ਹੈ ਪਰ ਕੇਂਦਰ ਸਰਕਾਰ ਨੇ ਚੋਣਾਂ ਦੌਰਾਨ ਵੋਟਾਂ ਹਾਸਲ ਕਰਨ ਲਈ ਸਾਢੇ ਚਾਰ ਮਹੀਨੇ ਤੇਲ ਕੀਮਤਾਂ ਵਿੱਚ ਵਾਧਾ ਨਹੀਂ ਹੋਣ ਦਿੱਤਾ। ਜਿਵੇਂ ਹੀ ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਆਏ ਤਾਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਰ ਸੂਬੇ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਟੱਪ ਚੁੱਕਾ ਹੈ।
ਯੂਥ ਕਾਂਗਰਸੀਆਂ ਨੇ ਕਿਹਾ ਕਿ ਤੇਲ ਕੀਮਤਾਂ ਦੇ ਵਧਣ ਦੇ ਨਾਲ ਹਰ ਵਸਤ ਦੀ ਕੀਮਤ ਵਧਦੀ ਹੈ ਕਿਉਂਕਿ ਤੇਲ ਕੀਮਤਾਂ ਦਾ ਅਸਰ ਆਵਾਜਾਈ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਪੈਂਦਾ ਹੈ। ਇਸ ਲਈ ਤੇਲ ਕੀਮਤਾਂ ਦੇ ਵਧਣ ਨਾਲ ਹਰ ਕਿਸੇ ਦਾ ਬਜਟ ਹਿੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਕਾਂਗਰਸ ਸਰਕਾਰ ਸਮੇਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈਆਂ ਸਨ ਪਰ ਪੈਟਰੋਲ ਦੀ ਕੀਮਤ 70-75 ਰੁਪਏ ਤੋਂ ਵਧਣ ਨਹੀਂ ਦਿੱਤੀ ਗਈ ਸੀ। ਮੌਜੂਦਾ ਸਮੇਂ ਕੌਮਾਂਤਰੀ ਪੱਧਰ ’ਤੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਹੈ ਅਤੇ ਦੇਸ਼ ਵਿੱਚ ਪੈਟਰੋਲ ਦੀ ਕੀਮਤ 100 ਤੋਂ 105 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤੇਲ ਦੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸੇ ਦੌਰਾਨ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਲਗਾਤਾਰ 10ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਸ ਨਾਲ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 101.23 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 86.73 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 90.69 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਪੰਚਕੂਲਾ ਵਿੱਚ ਪੈਟਰੋਲ ਦੀ ਕੀਮਤ 102.90 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 94.10 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ 10 ਦਿਨਾਂ ਦੌਰਾਨ ਤੇਲ ਕੀਮਤਾਂ ਵਿੱਚ 6 ਤੋਂ 7 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕਾਂ ਨੇ ਪੰਜ ’ਚੋਂ ਚਾਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਬਣਾ ਦਿੱਤੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਸਮੇਂ ਕਰੂਡ ਆਇਲ ਦਾ ਪ੍ਰਤੀ ਬੈਰਲ ਰੇਟ 20 ਡਾਲਰ ਸੀ ਤਾਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਘਟਾਏ ਸਗੋਂ ਡੀਜ਼ਲ ਉੱਤੇ ਲੱਗਦਾ ਕੇਂਦਰੀ ਟੈਕਸ ਵਧਾ ਕੇ 34 ਰੁਪਏ ਕਰ ਦਿੱਤਾ। ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਤੀ ਬੈਰਲ ਕਰੂਡ ਆਇਲ ਦਾ ਰੇਟ 150 ਡਾਲਰ ਤੋਂ ਵੀ ਵੱਧ ਹੋ ਗਿਆ ਸੀ ਤਾਂ ਵੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਵਧਣ ਦਿੱਤੇ ਸਨ।
ਕੈਬ ਤੇ ਆਟੋਜ਼ ਦੇ ਕਿਰਾਇਆਂ ’ਚ ਵਾਧੇ ਲਈ ਨੋਟੀਫਿਕੇਸ਼ਨ
ਚੰਡੀਗੜ੍ਹ ਵਿੱਚ ਟੈਕਸੀ ਜਾਂ ਆਟੋ ’ਚ ਸਫਰ ਕਰਨ ਵਾਲਿਆਂ ਦੀ ਜੇਬ ’ਤੇ ਨਵਾਂ ਬੋਝ ਪਏਗਾ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਟੈਕਸੀਆਂ ਅਤੇ ਆਟੋਜ਼ ਦੇ ਕਿਰਾਇਆਂ ਦੀਆਂ ਨਵੀਂ ਦਰਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਕ ਵੱਲੋਂ ਜਾਰੀ ਆਦੇਸ਼ਾਂ ਵਿੱਚ ਏਸੀ ਟੈਕਸੀ, ਬਿਨਾਂ ਏਸੀ ਟੈਕਸੀ, ਰੇਡੀਓ ਆਟੋ ਅਤੇ ਆਮ ਆਟੋ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਨਵੀਂ ਦਰਾਂ ਅਨੁਸਾਰ ਸਥਾਨਕ ਏਸੀ ਟੈਕਸੀ ਲਈ 23 ਰੁਪਏ ਪ੍ਰਤੀ ਕਿੱਲੋਮੀਟਰ ਦੀ ਬਜਾਏ 34 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਪਏਗਾ। ਇਸੇ ਤਰ੍ਹਾਂ ਬਿਨਾਂ ਏਸੀ ਵਾਲੀ ਕੈਬ ਲਈ ਕਿਰਾਇਆ 17 ਰੁਪਏ ਤੋਂ ਵਧਾ ਕੇ 25 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਰੇਡੀਓ ਆਟੋ ਲਈ 15 ਰੁਪਏ ਦੀ ਬਜਾਏ 20 ਰੁਪਏ ਪ੍ਰਤੀ ਕਿਲੋਮੀਟਰ ਅਤੇ ਆਮ ਆਟੋ ਲਈ 16 ਰੁਪਏ ਪ੍ਰਤੀ ਕਿਲੋਮੀਟਰ ਦੀ ਥਾਂ 19 ਰੁਪਏ ਪ੍ਰਤੀ ਕਿੱਲੋਮੀਟਰ ਰੇਟ ਤੈਅ ਕੀਤਾ ਗਿਆ ਹੈ। ਦਿਨ ਵਿੱਚ 8 ਘੰਟੇ ਜਾਂ 80 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ 5 ਸੀਟਾਂ ਵਾਲੀ ਕੈਬ ਲਈ ਕਿਰਾਇਆ 9 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 13 ਰੁਪਏ ਪ੍ਰਤੀ ਕਿੱਲੋਮੀਟਰ ਕਰ ਦਿੱਤਾ ਗਿਆ ਹੈ। ਏਸੀ ਲਗਜ਼ਰੀ ਕੈਬ ਲਈ ਕਿਰਾਇਆ 12 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 18 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 7 ਸੀਟਾਂ ਵਾਲੀ ਏਸੀ ਸੁਪਰੀਮ ਕੈਬ ਦਾ ਕਿਰਾਇਆ 16 ਰੁਪਏ ਪ੍ਰਤੀ ਕਿੱਲੋਮੀਟਰ ਤੋਂ ਵਧਾ ਕੇ 24 ਰੁਪਏ ਪ੍ਰਤੀ ਕਿੱਲੋਮੀਟਰ ਕਰ ਦਿੱਤਾ ਗਿਆ ਹੈ ਜਦੋਂਕਿ 7 ਸੀਟਾਂ ਵਾਲੀ ਏਸੀ ਲਗਜ਼ਰੀ ਕੈਬ ਦਾ ਕਿਰਾਇਆ 20 ਰੁਪਏ ਕਿਲੋਮੀਟਰ ਤੋਂ ਵਧਾ ਕੇ 30 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।