ਸਰਬਜੀਤ ਸਿੰਘ ਭੱਟੀ
ਲਾਲੜੂ, 8 ਅਗਸਤ
ਪਿੰਡ ਸਰਸੀਣੀ ਦੇ ਰਕਬੇ ’ਚ ਲੱਗੀਆਂ ਫੈਕਟਰੀਆਂ ਦੇ ਕੈਮੀਕਲ ਵਾਲੇ ਦੁਸ਼ਿਤ ਪਾਣੀ ਕਾਰਨ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਜਿਸ ਨੂੰ ਲੈ ਕੇ ਲੋਕਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਮੁਜ਼ਾਹਰਾ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇ ਕੈਮੀਕਲ ਵਾਲੀਆਂ ਫੈਕਟਰੀਆਂ ਨੇ ਆਪਣਾ ਪਾਣੀ ਬਰਸਾਤੀ ਚੋਅ ’ਚ ਛੱਡਣਾ ਬੰਦ ਨਾ ਕੀਤਾ ਤੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਹੈ, ਨੂੰ ਮੁਆਵਜ਼ਾ ਨਾ ਦਿੱਤਾ ਤਾਂ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਆਗੂ ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਚਰਨ ਸਿੰਘ ਜੌਲਾ, ਕਰਨੈਲ ਸਿੰਘ ਜੌਲਾ, ਧਰਮਿੰਦਰ ਸਿੰਘ, ਸੰਜੇ ਸ਼ਰਮਾ ਨੇ ਦੱਸਿਆ ਕਿ ਪਿੰਡ ਸਰਸੀਣੀ ਦੇ ਰਕਬੇ ’ਚ ਲੱਗੀ ਵਾਈ.ਸੀ.ਡੀ ਇੰਡਸਟਰੀ, ਟੀ.ਸੀ. ਟੈਰੀਟੈਕਸ ਸੁਪਰੀਮ ਆਦਿ ਫੈਕਟਰੀਆਂ ਵੱਲੋਂ ਆਪਣਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਅੰਡਰ ਗਰਾਉਂਡ ਪਾਈਪਾਂ ਦੱਬ ਕੇ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਲੰਘਦੇ ਬਰਸਾਤੀ ਚੋਅ ’ਚ ਸ਼ਰ੍ਹੇਆਮ ਛੱਡਿਆ ਜਾ ਰਿਹਾ ਹੈ, ਜੋ ਬਰਸਾਤ ਦੇ ਦਿਨਾਂ ਵਿੱਚ ਹੋਰ ਜ਼ਿਆਦਾ ਮਾਤਰਾ ’ਚ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਬਰਸਾਤ ਦੇ ਪਾਣੀ ’ਚ ਉਸ ਦਾ ਪਤਾ ਨਹੀਂ ਲੱਗਦਾ। ਕੈਮੀਕਲ ਵਾਲੇ ਦੂਸ਼ਿਤ ਪਾਣੀ ਕਾਰਨ ਪਿੰਡ ਸਰਸੀਣੀ, ਸਾਧਾਂਪੁਰ, ਡੰਗਡੇਹਰਾ, ਖਜੂਰਮੰਡੀ ਆਦਿ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨ ਜੱਥੇਬੰਦੀ ਨੇ ਇਨ੍ਹਾਂ ਫੈਕਟਰੀਆਂ ਤੇ ਬਰਸਾਤੀ ਚੋਅ ਦਾ ਦੌਰਾ ਕੀਤਾ, ਜਿਸ ਦੌਰਾਨ ਪਤਾ ਲੱਗਾ ਕਿ ਫੈਕਟਰੀਆਂ ਅੰਦਰੋਂ ਕੈਮੀਕਲ ਵਾਲਾ ਦੂਸ਼ਿਤ ਪਾਣੀ ਬਾਹਰ ਕੱਢਣ ਲਈ ਜ਼ਮੀਨ ’ਚ ਪਾਈਪ ਲਾਈਨਾਂ ਦੱਬੀਆਂ ਹੋਈਆਂ ਹਨ ਤੇ ਜ਼ਮੀਨ ’ਚ ਡੂੰਘੇ ਬੋਰ ਕਰਕੇ ਗੰਦਾ ਪਾਣੀ ਜ਼ਮੀਨ ਅੰਦਰ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕਾ ਪ੍ਰਦੂਸ਼ਣ ਦੀ ਮਾਰ ਹੇਠ ਆਇਆ ਹੋਇਆ ਹੈ। ਕਿਸਾਨਾਂ ਦੀਆਂ ਫਸਲਾਂ ਤੇ ਨਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨ ਜਥੇਬੰਦੀ ਨੇ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਐੱਸ.ਡੀ.ਓ. ਵੱਲੋਂ ਫੈਕਟਰੀਆਂ ਦੀ ਜਾਂਚ ਕਰਨ ਦਾ ਭਰੋਸਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡੇਰਾਬਸੀ ਦੇ ਐੱਸ.ਡੀ.ਓ.ਅਰਸ਼ਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਅਜੇ ਇਕ ਹਫਤਾ ਪਹਿਲਾਂ ਹੀ ਬਦਲ ਕੇ ਆਏ ਹਨ। ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਲਕੇ ਹੀ ਪ੍ਰਦੁਸ਼ਣ ਕੰਟਰੋਲ ਬੋਰਡ ਦੀ ਟੀਮ ਨੂੰ ਨਾਲ ਲੈ ਕੇ ਇਨ੍ਹਾਂ ਫੈਕਟਰੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।